Punjab news ਹਥਿਆਰ ਬਰਾਮਦਗੀ ਦੌਰਾਨ ਪੁਲੀਸ ਮੁਕਾਬਲੇ ’ਚ ਨਸ਼ਾ ਤਸਕਰ ਜ਼ਖ਼ਮੀ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਅਪਰੈਲ
Punjab news ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਹਥਿਆਰ ਬਰਾਮਦਗੀ ਦੌਰਾਨ ਬੀਤੀ ਰਾਤ ਕੀਤੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਪੁੁਲੀਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਸੋਵਾਲ ਧੁੱਸੀ ਤੋਂ 523 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਹੈ।
ਡੀਐਸਪੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਬੀਤੇ ਦਿਨ ਘੋਨੇਵਾਲ ਤੋਂ ਪੁਲੀਸ ਨੇ ਦੋ ਨੌਜਵਾਨਾਂ ਨੂੰ .30 ਬੋਰ ਦੇ ਗਲੋਕ ਪਿਸਤੌਲ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਖਿਲਾਫ਼ ਥਾਣਾ ਰਮਦਾਸ ਵਿੱਚ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਸੀ। ਤਫਤੀਸ਼ ਦੌਰਾਨ ਮੁਲਜ਼ਮ ਪਲਵਿੰਦਰ ਸਿੰਘ ਪਾਲਾ ਵਾਸੀ ਜੱਟਾ ਨੇ ਦੱਸਿਆ ਕਿ ਉਨ੍ਹਾਂ ਨੇ ਕੱਸੋਵਾਲ ਧੁੱਸੀ ਵਿਖੇ ਹੈਰੋਇਨ ਅਤੇ ਹਥਿਆਰ ਲੁਕੋ ਕੇ ਰੱਖੇ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਬਰਾਮਦਗੀ ਲਈ ਜਦ ਪੁਲੀਸ ਉਸ ਨੂੰ ਉਕਤ ਸਥਾਨ ਉੱਤੇ ਲੈ ਕੇ ਆਈ ਤਾਂ ਇਸ ਨੇ 523 ਗ੍ਰਾਮ ਹੈਰੋਇਨ ਦੀ ਰਿਕਵਰੀ ਕਰਵਾਈ। ਇਸੇ ਦੌਰਾਨ ਜਦੋਂ ਇਹ ਪਿਸਤੌਲ ਦੀ ਰਿਕਵਰੀ ਕਰਵਾਉਣ ਲੱਗਾ ਤਾਂ ਇਸ ਨੇ ਉਕਤ ਪਿਸਤੌਲ ਹੱਥ ਵਿੱਚ ਆਉਂਦੇ ਸਾਰ ਹੀ ਪੁਲੀਸ ਉੱਤੇ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਪਲਵਿੰਦਰ ਸਿੰਘ ਦੀ ਲੱਤ ਵਿੱਚ ਗੋਲੀ ਵੱਜ ਗਈ, ਜਿਸ ਨੂੰ ਤੁਰੰਤ ਰਮਦਾਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।