ਜਗਨਨਾਥ ਮੰਦਰ ਪੁਰੀ ਗੈਸਟ ਹਾਊਸ ਦੀ ਜਾਅਲੀ ਵੈੱਬਸਾਈਟ ਬਣਾ ਕੇ ਧੋਖਾਧੜੀ ਕਰਨ ਵਾਲੇ 2 ਗ੍ਰਿਫ਼ਤਾਰ
ਭੁਬਨੇਸ਼ਵਰ, 29 ਅਪਰੈਲ
ਉੜੀਸਾ ਪੁਲੀਸ ਦੀ ਅਪਰਾਧ ਸ਼ਾਖਾ ਨੇ ਉੱਤਰ ਪ੍ਰਦੇਸ਼ ਤੋਂ ਦੋ ਵਿਅਕਤੀਆਂ ਨੂੰ ਸ੍ਰੀ ਜਗਨਨਾਥ ਮੰਦਰ ਪੁਰੀ ਦੇ ਗੈਸਟ ਹਾਊਸ ਦੇ ਨਾਮ ’ਤੇ ਇਕ ਜਾਅਲੀ ਵੈੱਬਸਾਈਟ ਬਣਾਉਣ ਅਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਸ੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐੱਸਜੇਟੀਏ) ਦੇ ਮੁੱਖ ਪ੍ਰਸ਼ਾਸਕ ਨੇ ਮੰਦਰ ਗੈਸਟ ਹਾਊਸ ਦੀ ਜਾਅਲੀ ਵੈੱਬਸਾਈਟ ਬਾਰੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।ਅਪਰਾਧ ਸ਼ਾਖਾ ਨੇ ਇਕ ਬਿਆਨ ਵਿਚ ਕਿਹਾ ਕਿ ਮੁਲਜ਼ਮਾਂ ਨੇ www.neeladribhaktanivas.in ਨਾਮ ਦੀ ਇਕ ਜਾਅਲੀ ਵੈੱਬਸਾਈਟ ਸ਼ੁਰੂ ਕੀਤੀ ਸੀ ਅਤੇ ਇਕ ਮੋਬਾਈਲ ਨੰਬਰ ਅਤੇ ਵਾਟਸਐਪ ਰਾਹੀਂ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨਾਲ ਸੰਪਰਕ ਕਰਦੇ ਸੀ।
ਉਹ ਪੁਰੀ ਦੇ ਸ੍ਰੀ ਜਗਨਨਾਥ ਮੰਦਰ ਦੇ ਗੈਸਟ ਹਾਊਸ ਨੀਲਾਦਰੀ ਭਗਤ ਨਿਵਾਸ ਵਿਚ ਰਿਹਾਇਸ਼ ਬੁੱਕ ਕਰਨ ਦੇ ਬਹਾਨੇ ਸ਼ਰਧਾਲੂਆਂ ਨੂੰ ਆਨਲਾਈਨ ਪੈਸੇ ਜਮ੍ਹਾ ਕਰਵਾਉਣ ਲਈ ਕਹਿ ਰਹੇ ਸਨ। ਅਪਰਾਧ ਸ਼ਾਖਾ ਨੇ ਕਿਹਾ ਕਿ ਉਨ੍ਹਾਂ ਪੁਰੀ ਵਿੱਚ ਨੀਲਾਦਿਰ ਭਗਤ ਨਿਵਾਸ ਦੇ ਨਾਮ ’ਤੇ ਇਕ ਜਾਅਲੀ ਵੈੱਬਸਾਈਟ ਬਣਾਉਣ ਅਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਵਿਚ ਆਗਰਾ ਤੋਂ ਇਕ ਆਈਟੀ ਪੇਸ਼ੇਵਰ ਅਤੇ ਉਸ ਦੇ ਸਾਥੀ ਨੂੰ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕੀਤਾ ਹੈ।
ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਦੋਵਾਂ ਨੇ ਇਸ ਧੋਖਾਧੜੀ ਲਈ ਕੈਨਰਾ ਬੈਂਕ ਦੇ ਬਚਤ ਖਾਤੇ ਦੀ ਵੀ ਵਰਤੋਂ ਕੀਤੀ ਸੀ, ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਇਕ ਲੈਪਟਾਪ, ਮੋਬਾਈਲ ਫੋਨ, ਸਿਮ ਕਾਰਡ, ਨੀਲਾਦਰੀ ਭਗਤ ਨਿਬਾਸ ਦੀ ਵੈੱਬਸਾਈਟ ਦੇ ਵੇਰਵੇ, ਆਧਾਰ ਕਾਰਡ, ਪੈਨ ਕਾਰਡ ਅਤੇ ਹੋਸਟਿੰਗ ਵੇਰਵੇ ਜ਼ਬਤ ਕੀਤੇ ਗਏ ਹਨ।SJTA ਦੇ ਮੁੱਖ ਪ੍ਰਸ਼ਾਸਕ ਅਰਬਿੰਦਾ ਪਾਧੀ ਨੇ ਐਕਸ ’ਤੇ ਪੋਸਟ ਕਰਦਿਆਂ ਸ਼ਰਧਾਲੂਆਂ ਨੂੰ ਸਿਰਫ਼ ਅਧਿਕਾਰਤ ਵੈੱਬਸਾਈਟ www.shreejagannath.in ਰਾਹੀਂ ਹੀ ਮੰਦਰ ਦੇ ਗੈਸਟ ਹਾਊਸ ਵਿਚ ਰਿਹਾਇਸ਼ ਬੁੱਕ ਕਰਨ ਦੀ ਸਲਾਹ ਦਿੱਤੀ ਹੈ। ਅਪਰਾਧ ਸ਼ਾਖਾ ਨੇ ਪੁਰੀ ਆਉਣ ਵਾਲੇ ਸੈਲਾਨੀਆਂ ਨੂੰ ਹੋਟਲ ਬੁੱਕ ਕਰਦੇ ਸਮੇਂ ਸਾਵਧਾਨ ਰਹਿਣ ਦੀ ਵੀ ਬੇਨਤੀ ਕੀਤੀ ਹੈ। -ਪੀਟੀਆਈ