ਪੀਏਯੂ ਪੈਨਸ਼ਨਰਜ਼ ਐਸੋਸੀਏਸ਼ਨ ਦੀ ਨਵੀਂ ਕਮੇਟੀ ਕਾਇਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਈ
ਪੀਏਯੂ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਅੱਜ ਸਥਾਨਕ ਵਿਦਿਆਰਥੀ ਭਵਨ ’ਚ ਅਗਜੈਕਟਿਵ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਅਤੇ ਪਹਿਲਗਾਮ (ਕਸ਼ਮੀਰ) ਵਿੱਚ ਅਤਿਵਾਦ ਦੀ ਭੇਟ ਚੜ੍ਹੇ ਸੈਲਾਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਧਾਨ ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਆਸਾ ਸਿੰਘ ਪਨੂੰ ਵੱਲੋਂ ਨਾਮਜ਼ਦ ਕੀਤੀ ਨਵੀਂ ਅਜੈਕਟਿਵ ਕਮੇਟੀ ਮੈਂਬਰਾਂ ਦੀ ਜਨਰਲ ਬਾਡੀ ਵੱਲੋਂ ਪ੍ਰਵਾਨਗੀ ਲਈ ਏਜੰਡਾ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਜਨਰਲ ਸਕੱਤਰ ਆਸਾ ਸਿੰਘ ਨੇ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਨਾਂ ਹੇਠ 200 ਰੁਪਏ ਹਰ ਪੈਨਸ਼ਨਰ ਦੇ ਖਾਤੇ ਵਿੱਚੋਂ ਕੱਟਣੇ ਸ਼ੁਰੂ ਕਰਨ ਨੂੰ ਜਜੀਆ ਟੈਕਸ ਕਰਾਰ ਦੇ ਕੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਸੀਨੀਅਰ ਉੱਪ ਪ੍ਰਧਾਨ ਜਸਵੰਤ ਜ਼ੀਰਖ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ’ਤੇ ਜ਼ੋਰ ਦਿੱਤਾ। ਆਸਾ ਸਿੰਘ ਪਨੂੰ ਵੱਲੋਂ ਵੀ ਉਪਰੋਕਤ ਹਵਾਲਿਆਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਡੇਰੇਦਾਰ ਬਾਬਿਆਂ ਨਾਲ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਭੂਮਿਕਾ ਦੀ ਨਿਖੇਧੀ ਕੀਤੀ। ਸਵਰਨ ਸਿੰਘ ਰਾਣਾ ਵੱਲੋਂ ਵੀ ਹਰ ਦੇਸ਼ ਵਿਰੋਧੀ ਤਾਕਤ ਨੂੰ ਪਹਿਚਾਨਣ ਦੀ ਗੱਲ ਆਖੀ। ਇਸ ਮੌਕੇ ਸੱਤਪਾਲ ਬਾਂਸਲ, ਸੁਰਿੰਦਰ ਮੋਹੀ, ਜੈਪਾਲ ਸਿੰਘ, ਵੀ ਐਨ ਮੋਰੀਆ ਅਤੇ ਮਿਸਟਰ ਪਠਾਣੀਆ ਨੇ ਵੀ ਆਪਣੀਆਂ ਵੱਖ ਵੱਖ ਵੰਨਗੀਆਂ ਰਾਹੀਂ ਹਾਜ਼ਰੀ ਲਵਾਈ। ਪ੍ਰਧਾਨ ਸੁਖਦੇਵ ਸਿੰਘ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਨਵੀਂ ਕਮੇਟੀ ਮੈਂਬਰ ਐੱਮਐੱਸ ਪਰਮਾਰ, ਬਲਵੀਰ ਸਿੰਘ, ਸੁਰੇਸ਼ਪਾਲ, ਤਰਸੇਮ ਸਿੰਘ, ਕੁਲਵੰਤ ਸਿੰਘ, ਨਛੱਤਰ ਸਿੰਘ, ਮੰਗਤ ਰਾਏ, ਕਰਤਾਰ ਸਿੰਘ, ਪ੍ਰੀਤਮਹਿੰਦਰ ਸਿੰਘ, ਮਹਿਲ ਸਿੰਧ, ਨਿਰਮਲ ਸਿੰਘ, ਜਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਜਨਰਲ ਬਾਡੀ ਮੈਂਬਰ ਸ਼ਾਮਲ ਸਨ।