ਪਾਵਰਕੌਮ ਮੁਲਾਜ਼ਮਾਂ ਦੀ ਕੁੱਟਮਾਰ, 5 ਖ਼ਿਲਾਫ਼ ਕੇਸ ਦਰਜ
ਜਗਰਾਉਂ, 13 ਮਾਰਚ
ਥਾਣਾ ਹਠੂਰ ਦੇ ਪਿੰਡ ਚੱਕ ਭਾਈਕਾ ਵਿੱਚ ਬਿਜਲੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਲਿਸਟ ਲੈ ਕੇ ਕੁਨੈਕਸ਼ਨ ਕੱਟਣ ਪੁੱਜੇ, ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਪਿੰਡ ਵਾਸੀਆਂ ਨੇ ਘੇਰਾਬੰਦੀ ਕਰ ਕੇ ਕੁੱਟਮਾਰ ਕੀਤੀ ਹੈ। ਇਸ ਸਬੰਧ ਵਿੱਚ ਪੁਲੀਸ ਨੇ 4 ਔਰਤਾਂ ਸਣੇ 5 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਵਾਸੀਆਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ ਤੇ ਔਰਤਾਂ ਨਾਲ ਗ਼ਲਤ ਵਿਵਹਾਰ ਕੀਤਾ ਹੈ।
ਪਾਵਰਕੌਮ ਮੁਲਾਜ਼ਮ ਤਰਲੋਚਨ ਸਿੰਘ ਵਾਸੀ ਪਿੰਡ ਝੋਰੜਾਂ ਨੇ ਹਠੂਰ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ 11 ਮਾਰਚ ਨੂੰ ਬਾਅਦ ਦੁਪਾਹਿਰ 4 ਵੱਜੇ ਉਹ ਵਿਭਾਗ ਦੇ ਮੁਲਾਜ਼ਮ ਸੁਖਚੈਨ ਸਿੰਘ ਸੀਐੱਚਬੀ, ਨਿਆਜ਼ ਦੀਨ ਸੀਐੱਚਬੀ, ਮਨਪ੍ਰੀਤ ਸਿੰਘ ਸੀਐੱਚਬੀ ਜੋ ਸ਼ਿਕਾਇਤ ਕੇਂਦਰ ਨੱਥੋਵਾਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ, ਨੂੰ ਨਾਲ ਲੈ ਕੇ ਪਿੰਡ ਚੱਕ ਭਾਈਕਾ ਵਿੱਚ ਜਸਵਿੰਦਰ ਸਿੰਘ ਦੇ ਘਰ ਦਾ ਕੁਨੈਕਸ਼ਨ ਕੱਟਣ ਲਈ ਗਿਆ ਸੀ। ਜਸਵਿੰਦਰ ਸਿੰਘ ਵੱਲ ਵਿਭਾਗ ਦਾ 8700 ਰੁਪਏ ਬਕਾਇਆ ਸੀ। ਜਦੋਂ ਸੁਖਚੈਨ ਸਿੰਘ ਕੁਨੈਕਸ਼ਨ ਕੱਟਣ ਲੱਗਾ ਤਾਂ ਜਸਵਿੰਦਰ ਨੇ ਉਸ ਦੇ ਸੋਟੀ ਮਾਰੀ ਜਿਸ ਕਰਕੇ ਸੁਖਚੈਨ ਸਿੰਘ ਦੀ ਪਗੜੀ ਉਤਰ ਗਈ। ਇਸ ਮਗਰੋਂ ਬਲਜੀਤ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਤੇ ਜੱਸੂ ਕੌਰ ਨੇ ਮੁਲਾਜ਼ਮਾਂ ’ਤੇ ਇੱਟਾਂ ਦੇ ਰੋੜੇ ਆਦਿ ਮਾਰਨੇ ਸ਼ੁਰੂ ਕਰ ਦਿੱਤੇ ਤੇ ਕੁੱਟਮਾਰ ਵੀ ਕੀਤੀ। ਇਸ ਸਬੰਧੀ ਜਸਵਿੰਦਰ ਸਿੰਘ ਨੇ ਆਖਿਆ ਕਿ ਜਦੋਂ ਬਿਜਲੀ ਮੁਲਾਜ਼ਮ ਉਨਾਂ ਦੇ ਘਰ ਪੁੱਜੇ,ਉਸ ਵਕਤ ਉਹ ਖੁੱਦ ਘਰ ਨਹੀਂ ਸੀ, ਘਰ ਦੀਆਂ ਔਰਤਾਂ ਨੇ ਜਦੋਂ ਮੁਲਾਜ਼ਮਾਂ ਨੂੰ ਕੁਨੈਕਸ਼ਨ ਕੱਟਣ ਤੋਂ ਰੋਕਿਆ ਤਾਂ ਉਨ੍ਹਾਂ ਔਰਤਾਂ ਨਾਲ ਮਾੜਾ ਵਿਵਹਾਰ ਕੀਤਾ ਤੇ ਗਾਲੀ ਗਲੋਚ ਕੀਤੀ।