ਪਹਿਲਗਾਮ ’ਚ ਮਾਰੇ ਗਏ ਸੈਲਾਨੀਆਂ ਨੂੰ ਸ਼ਰਧਾਂਜਲੀਆਂ ਭੇਟ
ਲਾਜਵੰਤ ਸਿੰਘ
ਨਵਾਂ ਸ਼ਹਿਰ, 29 ਅਪਰੈਲ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਪਹਿਲਗਾਮ ’ਚ ਮਾਰੇ ਗਏ 27 ਨਿਰਦੋਸ਼ ਸੈਲਾਨੀਆਂ ਨੂੰ ਪਿੰਡ ਸਨਾਵਾ ਵਿੱਚ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪਾਰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਜਸਬੀਰ ਦੀਪ, ਭੁਪਿੰਦਰ ਸਿੰਘ ਵੜੈਚ ਅਤੇ ਕਮਲਜੀਤ ਸਨਾਵਾ ਨੇ ਕਿਹਾ ਕਿ ਇਹ ਬੇਹੱਦ ਘਿਨਾਉਣਾ ਅਤੇ ਨਿੰਦਣਯੋਗ ਕਾਰਾ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸੇ ਤਰ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਪਿੰਡ ਬਰਨਾਲਾ ਕਲਾਂ ਵਿੱਚ ਪਹਿਲਗਾਮ ’ਚ ਮਾਰੇ ਗਏ 27 ਸੈਲਾਨੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਇਸ ਹੱਤਿਆ ਕਾਂਡ ਦੀ ਨਿੰਦਾ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਰਾਜੂ ਬਰਨਾਲਾ ਅਤੇ ਆਈ ਟੀ ਆਈ ਕਮੇਟੀ ਮੈਂਬਰ ਸਮੀਰ ਨੇ ਕਿਹਾ ਕਿ ਯੂਨੀਅਨ ਇਸ ਘਿਨਾਉਣੇ ਅਪਰਾਧ ਦੀ ਨਿੰਦਾ ਕਰਦੀ ਹੈ। ਸਿਖਿਆਰਥੀਆਂ ਵੱਲੋਂ ਮੰਗ ਕੀਤੀ ਗਈ ਕਿ ਪਹਿਲਗਾਮ ਹਮਲੇ ਦੀ ਉੱਚ ਪੱਧਰੀ ਜਾਂਚ ਹੋਵੇ। ਇਸ ਮੌਕੇ ਨੌਜਵਾਨ ਗੁਲਾਮ ਨਵੀਂ, ਦੀਪ ਸਿੰਘ, ਕਾਸ਼ੀ, ਅਰਮਾਨ, ਮਨਜੋਤ ਸਿੰਘ, ਨਵੀ, ਨਵਦੀਪ ਚੌਹਾਨ ਤੇ ਬੌਬੀ ਹਾਜ਼ਰ ਸਨ।
ਜਲੰਧਰ (ਪੱਤਰ ਪ੍ਰੇਰਕ): ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਾਰਜਕਾਰਨੀ ਦੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਪਹਿਲਗਾਮ ’ਚ 27 ਨਿਹੱਥੇ ਬੇਕਸੂਰ ਨਾਗਰਿਕਾਂ ਨੂੰ ਅਤਿਵਾਦੀਆਂ ਵੱਲੋਂ ਮਾਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਨੂੰ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਅਮਰੀਕ ਸਿੰਘ ਦਾਊਦ, ਪਰਮਜੀਤ ਰੰਧਾਵਾ, ਸ਼ਮਸ਼ੇਰ ਸਿੰਘ ਬਟਾਲਾ, ਪ੍ਰਕਾਸ਼ ਸਿੰਘ ਬਠਿੰਡਾ ਤੇ ਗੁਰਨਾਮ ਸਿੰਘ ਭਿੰਡਰ ਨੇ ਵੀ ਵਿਚਾਰ ਰੱਖੇ। ਇਹ ਜਾਣਕਾਰੀ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸਾਂਝੀ ਕੀਤੀ। ਕਾਰਜਕਾਰਨੀ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਅਤੇ ਆਜ਼ਾਦਾਨਾ ਤੌਰ ’ਤੇ ਪਹਿਲੀ ਮਈ ਨੂੰ ਪਿੰਡਾਂ-ਸ਼ਹਿਰਾਂ ਅੰਦਰ ਕੌਮਾਂਤਰੀ ਮਜ਼ਦੂਰ ਦਿਹਾੜਾ ਇਨਕਲਾਬੀ ਉਤਸ਼ਾਹ ਨਾਲ ਮਨਾਏ ਜਾਣ ਦਾ ਨਿਰਣਾ ਲਿਆ ਗਿਆ।