ਪਰਮਾਣੂ ਪ੍ਰੋਗਰਾਮ ਬਾਰੇ ਅਮਰੀਕੀ ਰਾਜਦੂਤ ਨਾਲ ਗੱਲ ਕਰਨਗੇ ਇਰਾਨ ਦੇ ਵਿਦੇਸ਼ ਮੰਤਰੀ
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਕਿਹਾ ਹੈ ਕਿ ਉਹ ਅਤੇ ਅਮਰੀਕੀ ਰਾਜਦੂਤ ਸਟੀਵ ਵਿਟਕੌਫ ਤਹਿਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਓਮਾਨ ਵਿੱਚ ਪਹਿਲੀ ਵਾਰ ਗੱਲਬਾਤ ਕਰਨਗੇ। ਅਲਜੀਰੀਆ ’ਚ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਗੱਲਬਾਤ ਅਸਿੱਧੇ ਢੰਗ ਨਾਲ ਹੋਵੇਗੀ ਤੇ ਸੰਭਾਵਨਾ ਹੈ ਕਿ ਓਮਾਨ ਦੇ ਸਾਲਸੀ ਦੋਵਾਂ ਮੁਲਕਾਂ ਵਿਚਾਲੇ ਗੱਲਬਾਤ ਕਰਵਾਉਣਗੇ। ਹਾਲਾਂਕਿ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕਰਦਿਆਂ ਗੱਲਬਾਤ ਸਿੱਧੇ ਤੌਰ ’ਤੇ ਹੋਣ ਬਾਰੇ ਆਖਿਆ ਸੀ। ਵਿਦੇਸ਼ ਮੰਤਰੀ ਸ੍ਰੀ ਅਰਾਗ਼ਚੀ ਨੇ ਕਿਹਾ,‘ਇਸ ਗੱਲਬਾਤ ਦੌਰਾਨ ਸਾਡਾ ਮੁੱਖ ਮਕਸਦ ਕੁਦਰਤੀ ਢੰਗ ਨਾਲ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਤੇ ਨਾਲ ਹੀ ਲੱਗੀਆਂ ਪਾਬੰਦੀਆਂ ਹਟਵਾਉਣਾ ਹੈ, ਜੇ ਦੂਜੀ ਧਿਰ ਅਸਲ ’ਚ ਇੱਛੁਕ ਹੋਵੇਗੀ ਤਾਂ ਇਹ ਟੀਚਾ ਪੂਰਾ ਹੋ ਜਾਵੇਗਾ ਤੇ ਇਸ ਦਾ ਗੱਲਬਾਤ ਦੇ ਕਿਸੇ ਢੰਗ ਤਰੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ, ਭਾਵੇਂ ਇਹ ਸਿੱਧੇ ਤੌਰ ’ਤੇ ਹੋਵੇ ਜਾਂ ਅਸਿੱਧੇ ਢੰਗ ਨਾਲ। ਹਾਲ ਦੀ ਘੜੀ, ਸਾ਼ਡੀ ਤਰਜੀਹ ਅਸਿੱਧੇ ਤੌਰ ’ਤੇ ਗੱਲਬਾਤ ਕਰਨ ਦੀ ਹੈ ਤੇ ਸਾਡੀ ਇਸ ਨੂੰ ਸਿੱਧੇ ਤੌਰ ’ਤੇ ਕਰਨ ਦੀ ਕੋਈ ਯੋਜਨਾ ਨਹੀਂ ਹੈ।’
ਦੂਜੇ ਪਾਸੇ ਹਾਲੇ ਅਮਰੀਕਾ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਵਿਟਕੌਫ ਅਮਰੀਕੀ ਵਫ਼ਦ ਦੀ ਅਗਵਾਈ ਕਰਨਗੇ। ਟਰੰਪ ਪ੍ਰਸ਼ਾਸਨ ਵੱਲੋਂ ਗੱਲਬਾਤ ਸਬੰਧੀ ਦਿੱਤੇ ਬਿਆਨਾਂ ਮਗਰੋਂ ਇਰਾਨ ਦੇ ਅਰਥਚਾਰੇ ’ਚ ਨਵੀਂ ਰੂਹ ਫੂਕੀ ਗਈ ਹੈ। ਬੀਤੇ ਸਾਲਾਂ ਦੌਰਾਨ ਇਰਾਨ ’ਤੇ ਲੱਗੀਆਂ ਕੌਮਾਂਤਰੀ ਪਾਬੰਦੀਆਂ ਕਾਰਨ ਮੁਲਕ ਦਾ ਅਰਥਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। -ਏਪੀ