ਚੀਨ: ਭਾਰਤੀ ਮਿਸ਼ਨਾਂ ਵੱਲੋਂ ਪਹਿਲਗਾਮ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ
ਪੇਈਚਿੰਗ, 3 ਮਈ
ਚੀਨ ਦੇ ਸ਼ੰਘਾਈ ਤੇ ਗੁਆਂਗਜ਼ੂ ਸਥਿਤ ਭਾਰਤੀ ਕੂਟਨੀਤਕ ਮਿਸ਼ਨਾਂ ਨੇ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸ਼ੋਕ ਸਭਾਵਾਂ ਕੀਤੀਆਂ। ਇਨ੍ਹਾਂ ਸ਼ੋਕ ਸਭਾਵਾਂ ਵਿੱਚ ਪਰਵਾਸੀ ਭਾਰਤੀਆਂ ਨੇ ਵੀ ਕੌਂਸੁਲੇਟ ਦਫ਼ਤਰ ਦੇ ਅਧਿਕਾਰੀਆਂ ਨਾਲ ਮਿਲ ਕੇ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਤੇ ਹਮਦਰਦੀ ਜ਼ਾਹਿਰ ਕੀਤੀ।
ਇਨ੍ਹਾਂ ਸ਼ੋਕ ਸਭਾਵਾਂ ਵਿੱਚ ਸ਼ੰਘਾਈ ਵਿਚਲੇ ਭਾਰਤੀ ਕੌਂਸੁਲੇਟ ਜਨਰਲ ਵੱਲੋਂ ਕੌਂਸੁਲ ਜਨਰਲ ਪ੍ਰਤੀਕ ਮਾਥੁਰ ਦੇ ਨਾਲ ਕੌਂਸੁਲੇਟ ਦੇ ਹੋਰ ਅਧਿਕਾਰੀ ਤੇ ਮੁਲਾਜ਼ਮ ਅਤੇ ਪਰਵਾਸੀ ਭਾਰਤੀ ਸ਼ਾਮਲ ਹੋਏ। ਕੌਂਸੁਲੇਟ ਵੱਲੋਂ 30 ਅਪਰੈਲ ਨੂੰ ਸੋਸ਼ਲ ਮੀਡੀਆ ਪਲੈਟਫਾਰਮ ‘ਐੱਕਸ’ ਉੱਤੇ ਪਾਈ ਗਈ ਪੋਸਟ ਮੁਤਾਬਕ, ‘‘ਸ਼ੰਘਾਈ ਵਿੱਚ ਸਥਿਤ ਭਾਰਤੀ ਕੌਂਸੁਲੇਟ ਜਨਰਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ, ਭਾਰਤ ਦੇ ਦੋਸਤਾਂ ਅਤੇ ਪਰਵਾਸੀ ਭਾਰਤੀਆਂ ਵੱਲੋਂ ਕੌਂਸੁਲ ਜਨਰਲ ਪ੍ਰਤੀਕ ਮਾਥੁਰ ਦੀ ਅਗਵਾਈ ਹੇਠ ਪਹਿਲਗਾਮ ਹਮਲੇ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਗਈ।’’
ਇਸੇ ਤਰ੍ਹਾਂ ਗੁਆਂਗਜ਼ੂ ਸਥਿਤ ਭਾਰਤੀ ਕੌਂਸੁਲੇਟ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪਰੈਲ ਨੂੰ ਅਤਿਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼ੋਕ ਸਭਾ ਕੀਤੀ। ਗੁਆਂਗਜ਼ੂ ਕੌਂਸੁਲੇਟ ਨੇ ਅੱਜ ‘ਐੱਕਸ’ ਉੱਤੇ ਲਿਖਿਆ, ‘‘ਇਸ ਸ਼ੋਕ ਸਭਾ ਵਿੱਚ 60 ਤੋਂ ਵੱਧ ਪਰਵਾਸੀ ਭਾਰਤੀ, ਕੌਂਸੁਲੇਟ ਜਨਰਲ ਦਫ਼ਤਰ ਦੇ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਭਾਰਤ ਦੇ ਦੋਸਤ ਸ਼ਾਮਲ ਹੋਏ।’’ ਇਸ ਨੇ ਕਿਹਾ ਕਿ ਕਈ ਲੋਕ ਡਿਜੀਟਲ ਤੌਰ ’ਤੇ ਸ਼ੋਕ ਸਭਾ ਵਿੱਚ ਸ਼ਾਮਲ ਹੋਏ। -ਪੀਟੀਆਈ