ਪਠਾਨਕੋਟ ’ਚੋਂ ਮੋਰਟਾਰ ਦਾ ਖੋਲ ਤੇ ਡਰੋਨ ਬਰਾਮਦ
ਐੱਨਪੀ ਧਵਨ
ਪਠਾਨਕੋਟ, 9 ਮਈ
ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਅੱਜ ਪਠਾਨਕੋਟ ਵਿੱਚ ਧਮਾਕਿਆਂ ਵਾਲੀਆਂ ਥਾਵਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅੰਤਰਰਾਜੀ ਨਾਕਿਆਂ ਦਾ ਨਿਰੀਖਣ ਕਰ ਕੇ ਪੁਲੀਸ ਅਧਿਕਾਰੀਆਂ ਨੂੰ ਸੁਰੱਖਿਆ ਬਾਰੇ ਨਿਰਦੇਸ਼ ਦਿੱਤੇ। ਇਸ ਉਪਰੰਤ ਉਨ੍ਹਾਂ ਮਾਮੂਨ ਮਿਲਟਰੀ ਸਟੇਸ਼ਨ ਵਿੱਚ ਫ਼ੌਜ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰ ਕੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਚਰਚਾ ਕੀਤੀ। ਲੰਘੀ ਰਾਤ ਪਠਾਨਕੋਟ ਏਅਰਬੇਸ ਅਤੇ ਮਾਮੂਨ ਮਿਲਟਰੀ ਸਟੇਸ਼ਨ ਦੇ ਖੇਤਰਾਂ ਵਿੱਚ ਪਾਕਿਸਤਾਨ ਦੀ ਤਰਫੋਂ ਕੀਤੇ ਗਏ ਡਰੋਨਾਂ ਅਤੇ ਮਿਜ਼ਾਈਲਾਂ ਦੇ ਹਮਲਿਆਂ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹਮਲਿਆਂ ਦੌਰਾਨ ਮਾਮੂਨ ਮਿਲਟਰੀ ਸਟੇਸ਼ਨ ਕੋਲ ਪਿੰਡ ਕਰੋਲੀ ਵਿੱਚ ਲੋਕੇਸ਼ਨ ਦੇਖਣ ਵਾਲਾ ਛੋਟਾ ਡਰੋਨ ਖੇਤਾਂ ’ਚ ਪਿਆ ਮਿਲਿਆ ਜਿਸ ਨੂੰ ਅੱਜ ਸਵੇਰੇ ਸੈਨਾ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸੇ ਤਰ੍ਹਾਂ ਸੁਜਾਨਪੁਰ ਦੇ ਨਜ਼ਦੀਕ ਪਿੰਡ ਫੂਲ ਪਿਆਰਾ ਦੇ ਖੇਤ ’ਚੋਂ ਮੋਰਟਾਰ ਦਾ ਖੋਲ ਮਿਲਿਆ ਹੈ। ਦੂਜੇ ਪਾਸੇ ਪੰਜਾਬ ਪੁਲੀਸ ਨੇ ਅੱਜ ਸਵੇਰੇ ਏਅਰਬੇਸ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਪਰ ਕਿਧਰੇ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਪਿੰਡ ਕਰੋਲੀ ਦੀ ਸਰਪੰਚ ਮੀਨਾ ਕੁਮਾਰੀ ਨੇ ਦੱਸਿਆ ਕਿ ਰਾਤ ਧਮਾਕੇ ਤਾਂ ਭਾਵੇਂ ਆਰਮੀ ਖੇਤਰ ਅੰਦਰ ਹੋਏ ਪਰ ਇਨ੍ਹਾਂ ਧਮਾਕਿਆਂ ਨਾਲ ਪਿੰਡ ਦੀਆਂ ਕੰਧ ਤੱਕ ਹਿੱਲ ਗਈਆਂ।
ਧਮਾਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ
ਮਾਮੂਨ ਖੇਤਰ, ਏਅਰਬੇਸ ਦੇ ਨਾਲ ਲੱਗਦੇ ਪਿੰਡਾਂ ਅਤੇ ਸਰਹੱਦ ਕਿਨਾਰੇ ਰਹਿ ਰਹੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਤਾਂ ਹੈ ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਬੱਚਿਆਂ ਨੂੰ ਲਾਗਲੇ ਰਿਸ਼ਤੇਦਾਰਾਂ ਕੋਲ ਛੱਡ ਕੇ ਆਉਣ ਲਈ ਕਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਵੇਰ ਵੇਲੇ ਆ ਜਾਇਆ ਕਰਨਗੇ ਅਤੇ ਸਾਰਾ ਦਿਨ ਪਿੰਡਾਂ ਵਿੱਚ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾਉਣ ਤੇ ਹੋਰ ਕੰਮਕਾਰ ਕਰਨ ਮਗਰੋਂ ਬੱਚਿਆਂ ਕੋਲ ਚਲੇ ਜਾਇਆ ਕਰਨਗੇ।