ਨੌਕਰੀ ਗੁਆਉਣ ਵਾਲਿਆਂ ਦੇ ਨਾਲ ਹਾਂ: ਮਮਤਾ
ਕੋਲਕਾਤਾ, 7 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸਕੂਲੀ ਨੌਕਰੀ ਗੁਆਉਣ ਵਾਲਿਆਂ ਨੂੰ ਅੱਜ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਉਹ ਬੇਰੁਜ਼ਗਾਰ ਨਾ ਰਹਿਣ ਜਾਂ ਉਨ੍ਹਾਂ ਦੀਆਂ ਸੇਵਾਵਾਂ ’ਚ ਕੋਈ ਅੜਿੱਕਾ ਨਾ ਪਵੇ।
ਬੈਨਰਜੀ ਨੇ ਸਕੂਲਾਂ ਦੀ ਨੌਕਰੀ ਗੁਆਉਣ ਵਾਲਿਆਂ ਨਾਲ ਇੱਥੇ ਨੇਤਾਜੀ ਇਨਡੋਰ ਸਟੇਡੀਅਮ ਵਿੱਚ ਮੀਟਿੰਗ ਕਰਦਿਆਂ ਫੈਸਲੇ ਤੋਂ ਪ੍ਰਭਾਵਿਤ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਆਪੋ-ਆਪਣੇ ਸਕੂਲਾਂ ’ਚ ਜਾਣ ਅਤੇ ਸਵੈਇੱਛਾ ਨਾਲ ਮੁੜ ਤੋਂ ਕੰਮ ਕਰਨ ਦੀ ਅਪੀਲ ਕੀਤੀ। ਸਿਖਰਲੀ ਅਦਾਲਤ ਨੇ 3 ਅਪਰੈਲ ਨੂੰ ਬੰਗਾਲ ਵਿੱਚ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ’ਚ 25,753 ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਨੂੰ ਅਯੋਗ ਕਰਾਰ ਦਿੰਦੇ ਹੋਏ ਪੂਰੀ ਚੋਣ ਪ੍ਰਕਿਰਿਆ ਨੂੰ ‘ਤਰੁੱਟੀਪੂਰਨ ਤੇ ਦਾਗ਼ਦਾਰ’ ਦੱਸਿਆ ਸੀ। ਇਨ੍ਹਾਂ ਮੁਲਾਜ਼ਮਾਂ ਦੀਆਂ ਨਿਯੁਕਤੀਆਂ 2016 ਵਿੱਚ ਸੂਬਾ ਸਕੂਲ ਸੇਵਾ ਕਮਿਸ਼ਨ ਦੀ ਭਰਤੀ ਮੁਹਿੰਮ ਰਾਹੀਂ ਕੀਤੀ ਗਈ ਸੀ। ਮੁੱਖ ਮੰਤਰੀ ਨੇ ਪੀੜਤ ਅਧਿਆਪਕਾਂ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਉਹ ਦੋ ਮਹੀਨੇ ਦੇ ਅੰਦਰ ਸਾਰੇ ਯੋਗ ਉਮੀਦਵਾਰਾਂ ਲਈ ਬਦਲਵੀਂ ਵਿਵਸਥਾ ਕਰਨਗੇ। ਹਜ਼ਾਰਾਂ ਅਧਿਆਪਕ ਅੱਜ ਮਮਤਾ ਬੈਨਰਜੀ ਨੂੰ ਮਿਲਣ ਪੁੱਜੇ ਸਨ।
ਇਨ੍ਹਾਂ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨੇ ਕਿਹਾ, ‘‘ਸਾਡੇ ਕੋਲ ਇਹ ਯਕੀਨੀ ਬਣਾਉਣ ਲਈ ਯੋਜਨਾਵਾਂ ਤਿਆਰ ਹਨ ਕਿ ਯੋਗ ਉਮੀਦਵਾਰਾਂ ਨੂੰ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦੇ ਅੜਿੱਕੇ ਦਾ ਸਾਹਮਣਾ ਨਾ ਕਰਨਾ ਪਵੇ। ਅਸੀਂ ਉਨ੍ਹਾਂ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਵਾਂਗੇ।’’ ਉੱਧਰ, ਕਈ ਯੋਗ ਅਧਿਆਪਕਾਂ ਨੇ ਮਮਤਾ ਵੱਲੋਂ ਦਿੱਤੇ ਗਏ ਭਰੋਸੇ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਬੈਨਰਜੀ ਨੇ ਨੌਕਰੀ ’ਤੇ ਮੁੜ ਤੋਂ ਬਹਾਲ ਕਰਨ ਸਬੰਧੀ ਠੋਸ ਗਾਰੰਟੀ ਨਹੀਂ ਦਿੱਤੀ ਹੈ। -ਪੀਟੀਆਈ
ਪ੍ਰਦਰਸ਼ਨ ਤੋਂ ਪਹਿਲਾਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨੂੰ ਹਿਰਾਸਤ ’ਚ ਲਿਆ
ਕੋਲਕਾਤਾ: ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਲਾਕੇਟ ਚੈਟਰਜੀ ਸਣੇ ਪਾਰਟੀ ਦੇ ਹੋਰ ਅਹੁਦੇਦਾਰਾਂ ਨੂੰ ਅੱਜ ਉਸ ਸਮੇਂ ਹਿਰਾਸਤ ’ਚ ਲੈ ਲਿਆ ਗਿਆ ਜਦੋਂ ਉਹ ਸਕੂਲੀ ਅਧਿਆਪਕਾਂ ਦੀ ਨੌਕਰੀ ਨਾਲ ਸਬੰਧਤ ਮਾਮਲੇ ਖ਼ਿਲਾਫ਼ ਕੋਲਕਾਤਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਸਨ। ਭਾਜਪਾ ਆਗੂਆਂ ਨੇ ਦੋਸ਼ ਲਗਾਇਆ ਕਿ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਅਧਿਆਪਕਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕੀ, ਜਿਨ੍ਹਾਂ ਨੇ ਇਮਾਨਦਾਰੀ ਨਾਲ ਨੌਕਰੀ ਹਾਸਲ ਕੀਤੀ ਸੀ। -ਪੀਟੀਆਈ