ਨੌਂ ਪਿੰਡਾਂ ਵੱਲੋਂ ਨਿਗਮ ਤੋਂ ਬਾਹਰ ਆਉਣ ਦਾ ਫ਼ੈਸਲਾ
ਰਤਨ ਸਿੰਘ ਢਿੱਲੋਂ
ਅੰਬਾਲਾ, 13 ਮਈ
ਨਗਰ ਨਿਗਮ ਅੰਬਾਲਾ ਵਿੱਚ ਸ਼ਾਮਲ ਲੋਹਗੜ੍ਹ, ਮਾਣਕਪੁਰ, ਡੰਗਡੇਹੜੀ, ਛੋਟੀ ਘੇਲ, ਬੜੀ ਘੇਲ, ਨਿਜ਼ਾਮਪੁਰ. ਲਹਾਰਸਾ, ਕਾਲੂ ਮਾਜਰਾ ਆਦਿ ਨੌਂ ਪਿੰਡਾਂ ਦੇ ਆਗੂ ਨਗਰ ਨਿਗਮ ਮੁਕਤੀ ਮੋਰਚਾ ਬੈਨਰ ਥੱਲੇ ਨਿਗਮ ਦੀ ਮੇਅਰ ਸ਼ੈਲਜਾ ਸਚਦੇਵਾ ਨੂੰ ਮਿਲੇ। ਉਨ੍ਹਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਵਿਪੁਲ ਗੋਇਲ ਦੇ ਨਾਮ ਮੰਗ ਪੱਤਰ ਸੌਂਪ ਕੇ ਉਨ੍ਹਾਂ ਦੇ ਪਿੰਡਾਂ ਨੂੰ ਨਗਰ ਨਿਗਮ ਤੋਂ ਹਟਾ ਕੇ ਪੰਚਾਇਤੀ ਰਾਜ ਪ੍ਰਣਾਲੀ ਅਧੀਨ ਵਾਪਸ ਲਿਆਉਣ ਦੀ ਮੰਗ ਕੀਤੀ।
ਵਫ਼ਦ ਨੇ ਕਿਹਾ ਕਿ ਨਿਗਮ ਵਿਚ ਸ਼ਾਮਲ ਹੋਣ ਦਾ ਉਨ੍ਹਾਂ ਨੂੰ ਲਾਭ ਦੀ ਥਾਂ ਨੁਕਸਾਨ ਹੋਇਆ ਹੈ। ਉਹ ਪਹਿਲੇ ਦਿਨ ਤੋਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕਈ ਪਿੰਡ ਸ਼ਹਿਰ ਦੇ ਕੇਂਦਰ ਤੋਂ ਅੱਠ ਕਿਲੋਮੀਟਰ ਦੂਰ ਹਨ, ਉਨ੍ਹਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਨਿਗਮ ਦਫ਼ਤਰ ਆਉਣਾ ਪੈਂਦਾ ਹੈ। ਪਿੰਡਾਂ ਦੀ ਸਫ਼ਾਈ ਅਤੇ ਡਰੇਨੇਜ ਪ੍ਰਣਾਲੀ ਦੀ ਹਾਲਤ ਮਾੜੀ ਹੈ। ਸੈਨੀਟੇਸ਼ਨ, ਡਾਕਟਰੀ ਦੇਖਭਾਲ, ਸਟਰੀਟ ਲਾਈਟਾਂ ਅਤੇ ਪੀਣ ਵਾਲੇ ਪਾਣੀ ਵਰਗੀਆਂ ਸਹੂਲਤਾਂ ਨਾ ਹੋਣ ਦੇ ਬਾਵਜੂਦ ਇਨ੍ਹਾਂ ਸਾਰੇ ਪਿੰਡਾਂ ਤੋਂ ਹਾਊਸ ਟੈਕਸ, ਜਾਇਦਾਦ ਟੈਕਸ, ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੇ ਨਾਲ-ਨਾਲ ਕੂੜਾ ਇਕੱਠਾ ਕਰਨ ਦਾ ਟੈਕਸ ਵੀ ਵਸੂਲਿਆ ਜਾਂਦਾ ਹੈ।
ਮੇਅਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੇਅਰ ਸ਼ੈਲਜਾ ਸੰਦੀਪ ਸਚਦੇਵਾ ਨੇ ਕਿਹਾ ਕਿ ਉਹ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਥਾਨਕ ਸਰਕਾਰਾਂ ਮੰਤਰੀ ਵਿਪੁਲ ਗੋਇਲ ਨੂੰ ਪੱਤਰ ਲਿਖਣਗੇ ਅਤੇ ਜੇ ਲੋੜ ਪਈ ਤਾਂ ਉਹ ਇਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਨੂੰ ਮਿਲਣਗੇ।