ਨਿਵੇਕਲਾ ਪਾਂਧੀ ਸਤਵਿੰਦਰ ਸਿੰਘ ਧੜਾਕ
ਮਹਿਤਾਬ-ਉਦ-ਦੀਨ
ਜਿਸ ਸਤਵਿੰਦਰ ਸਿੰਘ ਧੜਾਕ ਨੂੰ ਅਸੀਂ ਸਾਰੇ 28 ਫਰਵਰੀ ਤੱਕ ਆਮ ਜਿਹਾ ਸਮਝਦੇ ਸੀ, ਉਹ ਪਹਿਲੀ ਮਾਰਚ ਨੂੰ ਰਾਤੋ-ਰਾਤ ਇੱਕ ‘ਸਟਾਰ’ ਪੰਜਾਬੀ ਗੀਤਕਾਰ ਤੇ ਗਾਇਕ ਬਣ ਗਿਆ। ਧੜਾਕ ਨਾਲ ਵਿਸ਼ੇਸ਼ਣ ‘ਸਟਾਰ’ ਮੈਂ ਇਸ ਲਈ ਲਾਇਆ ਕਿਉਂਕਿ ਪਹਿਲੀ, ਸਹੀ ਤੇ ਸੱਚੀ ਗੱਲ ਇਹੋ ਹੈ ਕਿ ਕਿ ਉਸ ਨੇ ਬਾਬੇ ਨਾਨਕ ਦੀ ਮਹਿਮਾ ਤੇ ਵਡਿਆਈ ਕਰਦਿਆਂ ਜਿਸ ਆਨ, ਬਾਨ, ਜਾਨ, ਸ਼ਾਨ ਤੇ ਰੂਹ ਨਾਲ ਆਪਣੇ ਪਲੇਠੇ ‘ਸਪੈਸ਼ਲ’ (ਕੁਝ ਖ਼ਾਸ) ਗੀਤ ਨੂੰ ਖ਼ੂਬਸੂਰਤ ਸੁਰਾਂ ’ਚ ਸਜਾਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਕੀ ਇਹ ਛੋਟੀ ਜਿਹੀ ਗੱਲ ਹੈ ਕਿ ਕੋਈ ਗੀਤ ਵੀ ਲਿਖੇ ਤੇ ਫਿਰ ਉਸ ਦੀ ਕੰਪੋਜੀਸ਼ਨ ਵੀ ਤਿਆਰ ਕਰੇ ਅਤੇ ਆਪ ਹੀ ਵਧੀਆ ਢੰਗ ਨਾਲ ਗਾਵੇ ਵੀ। ਇਸ ਗੀਤ ਨੂੰ ਸਿਰਫ਼ ਇਕੱਲੇ ਯੂ-ਟਿਊਬ ਪਲੈਟਫਾਰਮ ਉਤੇ ਲਗਭਗ 11 ਲੱਖ ਲੋਕ ਵੇਖ ਚੁੱਕੇ ਹਨ। ਵ੍ਹਟਸਐਪ ਉਤੇ ਇਹ ਗੀਤ ਲੋਕਾਂ ਨੇ ਡਾਊਨਲੋਡ ਕਰ ਕੇ ਸ਼ਾਇਦ ਇਸ ਤੋਂ ਕਈ ਗੁਣਾ ਵੱਧ ਸ਼ੇਅਰ ਕੀਤਾ ਹੈ।
ਹੁਣ ਉਸ ਦਾ ਇੱਕ ਦੋਗਾਣਾ ਗੁਰਲੇਜ਼ ਅਖ਼ਤਰ ਨਾਲ ਆ ਰਿਹਾ ਹੈ ਜਿਸ ਦਾ ਸੰਗੀਤ ਪਹਿਲੇ ਗੀਤ ਵਾਂਗ ਡੋਪ ਨੇ ਹੀ ਤਿਆਰ ਕੀਤਾ ਹੈ। ਇਹ ਗੀਤ ਵੀ ਉਸ ਨੇ ਖ਼ੁਦ ਹੀ ਲਿਖਿਆ ਹੈ, ਖ਼ੁਦ ਹੀ ਧੁਨ ਤਿਆਰ ਕੀਤੀ ਹੈ। ਇਸ ਦੀ ਕੋਈ ਦੋ-ਅਰਥੀ ਜਾਂ ਅਸ਼ਲੀਲ ਸ਼ਬਦਾਵਲੀ ਨਹੀਂ। ਬਹੁਤ ਹੀ ਨਫ਼ੀਸ ਢੰਗ ਨਾਲ ਸਿਰਜਿਆ ਤੇ ਗਾਇਆ ਹੈ। ਇਸ ਤੋਂ ਇਲਾਵਾ ਉਹ ਇੱਕ ਛੋਟੀ ਫਿਲਮ ਤੇ ਇੱਕ ਵੈੱਬ ਸੀਰੀਜ਼ ’ਚ ਵੀ ਗਾ ਰਿਹਾ ਹੈ। ਸਾਜ਼ ਸਿਨੇ ਪ੍ਰੋਡਕਸ਼ਨ ਦੇ ਕਰਤਾ-ਧਰਤਾ ਮਹਿੰਦਰਪਾਲ ਸਿੰਘ ਤੇ ਅੰਗਦ ਸਚਦੇਵਾ ਨੇ ਇਹ ਹੀਰਾ ਗਾਇਕ ਪੰਜਾਬੀ ਸੰਗੀਤ ਜਗਤ ਨੂੰ 2025 ਦੇ ਤੋਹਫ਼ੇ ਵਜੋਂ ਭੇਟ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੀਆਂ ਨਜ਼ਮਾਂ ਅਤੇ ਗ਼ਜ਼ਲਾਂ ਦਾ ਇੱਕ ਸੰਗ੍ਰਹਿ ਵੀ ਤਿਆਰ ਕਰ ਰਿਹਾ ਹੈ। ਉਹ ਹੁਣ ਪੂਰੀ ਲਗਨ, ਦ੍ਰਿੜ੍ਹਤਾ ਤੇ ਮਿਹਨਤ ਨਾਲ ਆਪਣੇ ਮੌਜੂਦਾ ਤੇ ਭਵਿੱਖ ਦੇ ਮਿਸ਼ਨਾਂ ਅਤੇ ਟੀਚਿਆਂ ਨੂੰ ਸਰ ਕਰਦਾ ਅੱਗੇ ਵਧ ਰਿਹਾ ਹੈ ਜਿਸ ਦੇ ਅੱਗੇ ਅਜਿਹਾ ਰੌਸ਼ਨ ਭਵਿੱਖ ਹੈ, ਜਿੱਥੇ ਪੁੱਜਣ ਲਈ ਆਮ ਵਿਅਕਤੀ, ਖ਼ਾਸ ਤੌਰ ’ਤੇ ਇੱਕ ਕਲਾਕਾਰ ਤਾਂਘਦਾ ਅਤੇ ਤਰਸਦਾ ਹੈ। ਸਤਵਿੰਦਰ ਸਿੰਘ ਧੜਾਕ ਹੁਣ ਮੈਨੂੰ ਜ਼ਿੰਦਗੀ ਦੇ ਸਫ਼ਰ ਦਾ ਇੱਕ ਅਜਿਹਾ ਨਿਵੇਕਲਾ ਪਾਂਧੀ ਜਾਪਣ ਲੱਗਾ ਹੈ ਕਿ ਜਿਸ ਦੇ ਪੈਰ ਤਾਂ ਭਾਵੇਂ ਜ਼ਮੀਨ ’ਤੇ ਹੀ ਹਨ, ਪਰ ਉਹ ਉਡਾਰੀਆਂ ਖੁੱਲ੍ਹੇ ਤੇ ਆਜ਼ਾਦ ਆਕਾਸ਼ ’ਚ ਲਾ ਰਿਹਾ ਹੈ; ਜਿੱਥੋਂ ਇਹ ਧਰਤੀ ਵੀ ਨਿੱਕੀ ਜਾਪਿਆ ਕਰਦੀ ਹੈ।
ਸੰਪਰਕ: 98722-75374