ਨਾਭਾ ਜੇਲ੍ਹ ਬਰੇਕ ਕਾਂਡ: ਕਸ਼ਮੀਰ ਗਲਵੱਡੀ ਤੋਂ ਮਿਲ ਸਕਦੈ ਦੋ ਹੋਰ ਮੁਲਜ਼ਮਾਂ ਦਾ ਸੁਰਾਗ
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਨਾਭਾ ਜੇਲ੍ਹ ਬਰੇਕ ਕਾਂਡ ਦੌਰਾਨ ਜੇਲ੍ਹ ’ਚੋਂ ਫਰਾਰ ਹੋਏ ਕੱਟੜਵਾਦੀ ਕਸ਼ਮੀਰ ਸਿੰਘ ਗਲਵੱੱਡੀ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਇਸ ਕਾਂਡ ਦੇ ਦੋ ਹੀ ਮੁਲਜ਼ਮ ਹੈਰੀ ਚੱਠਾ ਅਤੇ ਗੋਪੀ ਘਣਸ਼ਾਮਪੁਰੀਆ ਗ੍ਰਿਫ਼ਤਾਰੀ ਤੋਂ ਬਚੇ ਹਨ ਅਤੇ ਸੰਭਾਵਨਾ ਹੈ ਕਿ ਕੁਝ ਸਾਲਾਂ ਤੋਂ ਨੇਪਾਲ ’ਚ ਰਹਿੰਦੇ ਆ ਰਹੇ ਕਸ਼ਮੀਰ ਗਲਵੱਡੀ ਤੋਂ ਹੈਰੀ ਚੱਠਾ ਅਤੇ ਗੋਪੀ ਘਣਸ਼ਾਮਪੁਰੀਆ ਬਾਰੇ ਕੋਈ ਸੁਰਾਗ ਮਿਲ ਸਕਦਾ ਹੈ।
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ 2022 ’ਚ ਗਲਵੱਡੀ ਦੀ ਗ੍ਰਿਫ਼ਤਾਰੀ ’ਤੇ ਦਸ ਲੱਖ ਦਾ ਇਨਾਮ ਰੱਖਿਆ ਸੀ ਤੇ ਇਸ ਵੇਲੇ ਪੁੱਛ-ਪੜਤਾਲ ਕਰ ਰਹੀ ਐੱਨਆਈਏ ਅਨੁਸਾਰ ਉਸ ਨੂੰ ਐਤਵਾਰ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੂਜੇ ਪਾਸੇ ਐੱਨਆਈਏ ਦਾ ਰਿਮਾਂਡ ਖ਼ਤਮ ਹੋਣ ’ਤੇ ਹੀ ਇਹ ਮੁਲਜ਼ਮ ਪਟਿਆਲਾ ਪੁਲੀਸ ਨੂੰ ਮਿਲੇਗਾ ਕਿਉਂਕਿ ਉਸ ਦੇ ਖ਼ਿਲਾਫ਼ ਐੱਨਆਈਏ ਵੱਲੋਂ ਦਿੱਲੀ ਵਿੱਚ ਕੇਸ ਦਰਜ ਕੀਤਾ ਹੋਇਆ ਹੈ। 27 ਨਵਬੰਰ 2016 ਨੂੰ ਗੈਂਗਸਟਰ ਪਲਵਿੰਦਰ ਪਿੰਦਾ ਸਮੇਤ ਪੁਲੀਸ ਵਰਦੀ ’ਚ ਆਏ 15 ਗੈਂਗਸਟਰ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਨਾਭਾ ਜੇਲ੍ਹ ’ਚੋਂ ਦੋ ਖਾੜਕੂਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਾ ਕੇ ਲੈ ਗਏ ਸਨ। ਇਸ ਕੇਸ ’ਚ ਹੁਣ ਦੋ ਹੋਰ ਮੁਲਜ਼ਮ ਹੈਰੀ ਚੱਠਾ ਤੇ ਗੋਪੀ ਘਣਸ਼ਾਮਪੁਰੀ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹਨ।
ਐੱਨਆਈਏ ਸਮੇਤ ਪਟਿਆਲਾ ਪੁਲੀਸ ਪਾਕਿਸਤਾਨ ਰਹਿੰਦੇ ਹਰਵਿੰਦਰ ਸਿੰਘ ਰਿੰਦਾ ਨਾਲ ਗਲਵੱਡੀ ਦੇ ਸਬੰਧਾਂ ਦੀ ਗੱਲ ਕਰਦੀ ਹੈ।