ਨਾਬਾਲਗ ਲੜਕੀ ਨਾਲ ਜਬਰ-ਜਨਾਹ; ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 10 ਅਪਰੈਲ
ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਵਿਅਕਤੀਆਂ ਵਿਰੁੱਧ ਧਾਰਾ 70(1),70(2) ਬੀਐੱਨਐੱਸ 6 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਕ ਫ਼ਰਾਰ ਹੈ। ਇਸ ਸਬੰਧੀ ਥਾਣਾ ਕਾਦੀਆਂ ਦੇ ਮੁਖੀ ਸਬ ਇਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ (15) ਨੇ ਪੁਲੀਸ ਨੂੰ ਦੱਸਿਆ ਕਿ ਉਹ ਦੋ ਭੈਣਾਂ ਅਤੇ ਭਰਾ ਹਨ, ਉਸ ਦੀ ਮਾਤਾ ਨੇ ਦੂਜਾ ਵਿਆਹ ਕਰਵਾਇਆ ਹੋਇਆ ਹੈ। ਉਹ (ਪੀੜਤਾ) ਆਪਣੀ ਨਾਨੀ ਕੋਲ ਇਕ ਪਿੰਡ ਵਿੱਚ ਰਹਿ ਰਹੀ ਹੈ ਅਤੇ ਸੱਤਵੀ ਵਿੱਚ ਪੜ੍ਹਦੀ ਹੈ। ਉਹ 4 ਅਪਰੈਲ ਨੂੰ ਆਪਣੀ ਨਾਨੀ ਨਾਲ ਨਾਰਾਜ਼ ਹੋ ਕੇ ਰਾਤ 9 ਵਜੇ ਸ਼ਹਿਰ ਦੇ ਬਜ਼ਾਰ ਵਿੱਚ ਮੋਮੋਜ਼ ਖਾਣ ਵਾਸਤੇ ਗਈ ਜਿੱਥੇ ਉਹ ਰੋਣ ਲੱਗ ਪਈ। ਇੰਨੇ ਨੂੰ ਮੋਟਰਸਾਈਕਲ ਸਵਾਰ 2 ਨੌਜਵਾਨ ਆਏ ਜਿਨ੍ਹਾਂ ਨੇ ਪੁੱਛਿਆ,‘ਤੁਸੀਂ ਇੱਥੇ ਬੈਠ ਕੇ ਕਿਉਂ ਰੋ ਰਹੇ ਹੋ, ਅਸੀਂ ਤੁਹਾਡੇ ਇਸ਼ਤੇਦਾਰ ਹਾਂ ਤੇ ਅਸੀਂ ਤੁਹਾਨੂੰ ਜਾਣਦੇ ਹਾਂ। ਅਸੀਂ ਤੁਹਾਨੂੰ ਘਰ ਛੱਡ ਆਉਂਦੇ ਹਾਂ ਤੁਸੀਂ ਇੱਥੇ ਬੈਠ ਕੇ ਨਾ ਰੋਵੋ।’ ਇਸ ’ਤੇ ਉਨ੍ਹਾਂ ਦੀ ਗੱਲ ਮੰਨ ਕੇ ਉਹ ਉਨ੍ਹਾਂ ਨਾਲ ਚੱਲ ਪਈ। ਉਹ ਤਿੰਨ ਜਣੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸ਼ਹਿਰ ਦੇ ਇਕ ਸਕੂਲ ਦੇ ਨੇੜੇ ਪਿਛਲੇ ਪਾਸੇ ਸ਼ਮਸ਼ਾਨਘਾਟ ਕੋਲ ਲੈ ਗਏ ਜਿੱਥੇ ਤਿੰਨਾਂ ਨੇ ਉਸ ਨਾਲ ਕਥਿਤ ਜਬਰ ਜਨਾਹ ਕੀਤਾ। ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਪਛਾਣ ਅਕਾਸ਼ਦੀਪ ਸਿੰਘ ਵਾਸੀ ਰਾਮਪੁਰਾ, ਹਰਸ਼ ਵਾਸੀ ਭਗਤਪੁਰਾ ਅਤੇ ਮਲਕੀਤ ਸਿੰਘ ਵਾਸੀ ਰਜਾਦਾ ਥਾਣਾ ਸੇਖਵਾਂ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਅਕਾਸ਼ਦੀਪ ਸਿੰਘ ਅਤੇ ਹਰਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਮਲਕੀਤ ਸਿੰਘ ਅਜੇ ਫਰਾਰ ਹੈ।