ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹਿ

04:30 AM Apr 09, 2025 IST
featuredImage featuredImage

Advertisement

ਜਸਵਿੰਦਰ ਸਿੰਘ ਰੁਪਾਲ

ਅੰਮ੍ਰਿਤ ਬਾਰੇ ਵਿਚਾਰ ਕਰਨ ਤੋਂ ਪਹਿਲਾਂ ਇਸ ਦੇ ਅਰਥ ਵਾਚਣੇ ਜ਼ਰੂਰੀ ਹਨ। ਆਓ, ਇਸ ਦੀਆਂ ਪਰਿਭਾਸ਼ਾਵਾਂ ਅਤੇ ਮੂਲ ਨੂੰ ਦੇਖਦਿਆਂ ਇਸ ਦੇ ਸੰਕਲਪ ਨੂੰ ਸਮਝਣ ਦਾ ਯਤਨ ਕਰਦੇ ਹਾਂ। ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਨੇ ਕਈ ਅਰਥ ਦਿੱਤੇ ਹਨ ਜਿਵੇਂ ਮੱਖਣ, ਦੁੱਧ, ਅਮ੍ਰਿਤਯ- ਮੌਤ ਤੋਂ ਬਿਨਾਂ- ਅਮਰ, ਮਧੁਰ -ਮਿਠਾਸ ਸਹਿਤ, ਵਾਹਿਗੁਰੂ ਨਾਮ।
ਅੰਮ੍ਰਿਤ ਇੱਕ ਅਜਿਹਾ ਪੀਣ ਵਾਲਾ ਪਦਾਰਥ ਮੰਨਿਆ ਗਿਆ ਹੈ, ਜਿਸ ਨੂੰ ਪੀ ਕੇ ਅਮਰ ਹੋ ਜਾਈਦਾ ਹੈ। ਪੁਰਾਣਾਂ ਅਨੁਸਾਰ ਸਮੁੰਦਰ ਰਿੜਕਣ ’ਤੇ ਨਿਕਲੇ 14 ਰਤਨਾਂ ਵਿੱਚੋਂ ਇੱਕ ਅੰਮ੍ਰਿਤ ਵੀ ਸੀ। ਹਿੰਦੂ ਮਿਥਿਹਾਸ ਅਨੁਸਾਰ ਇਸ ਨੂੰ ਪੀਣ ਨਾਲ ਹੀ ਦੇਵਤੇ ਅਮਰ ਹੋ ਗਏ ਸਨ। ਯੂਨਾਨੀ ਅਤੇ ਪੱਛਮੀ ਮਿਥਿਹਾਸ ਅਨੁਸਾਰ ਵੀ ਇਸੇ ਤਰ੍ਹਾਂ ਦੇ ਅੰਮ੍ਰਿਤ ਦਾ ਜ਼ਿਕਰ ਮਿਲਦਾ ਹੈ, ਉੱਥੇ ਇਸ ਨੂੰ ਆਬੇ-ਹਯਾਤ ਕਿਹਾ ਗਿਆ ਹੈ। ਸਿੱਖ ਧਰਮ ਵਿਸ਼ਵਕੋਸ਼ ਅਨੁਸਾਰ ਸਿੱਖ ਧਰਮ ਵਿੱਚ ਅੰਮ੍ਰਿਤ ਕੋਈ ਅਜਿਹੀ ਚੀਜ਼ ਨਹੀਂ, ਜਿਸ ਨੂੰ ਪੀ ਕੇ ਅਮਰ ਹੋ ਸਕਦਾ ਹੋਵੇ ਜਾਂ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਪਾ ਸਕਦਾ ਹੋਵੇ, ਪ੍ਰੰਤੂ ਇਸ ਪਦ ਨੂੰ ਚਿੰਨ੍ਹਾਤਮਕ ਰੂਪ ਵਿੱਚ ਵਰਤਿਆ ਗਿਆ ਹੈ। ਇਨ੍ਹਾਂ ਅਰਥਾਂ ਵਿੱਚ ਇਹ ਜੀਵ ਤੋਂ ਬਾਹਰ ਨਹੀਂ, ਸਗੋਂ ਉਸ ਦੇ ਅੰਦਰ ਹੀ ਹੈ।
ਸਭਿ ਰਸ ਦੇਹੀ ਅੰਦਰਿ ਪਾਏ।।
ਵਿਰਲੇ ਕਉ ਗੁਰੁ ਸਬਦੁ ਬੁਝਾਏ।।
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ।।
ਇਸੇ ਤਰ੍ਹਾਂ ਇੱਕ ਹੋਰ ਥਾਂ ਕਿਹਾ ਹੈ;
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ।।
ਤਿਨ੍ੀ ਪੀਤਾ ਰੰਗ ਸਿਉ ਜਿਨ੍ ਕਉ ਲਿਖਿਆ ਆਦਿ।।
ਗੁਰਬਾਣੀ ਵਿੱਚ ਅੰਮ੍ਰਿਤ ਨੂੰ ਅਨੇਕਾਂ ਵਾਰ ਨਾਮ ਦੇ ਸਮਾਨਾਰਥਕ ਮੰਨਿਆ ਹੈ। ਇਹ ਨਾਮ ਦਾ ਅੰਮ੍ਰਿਤ ਹੈ ਜਿਸ ਨੂੰ ਪੀਣ ਨਾਲ ਭੁੱਖਾਂ ਤੇਹਾਂ ਖ਼ਤਮ ਹੋ ਜਾਂਦੀਆਂ ਹਨ। ਇਤਿਹਾਸਕ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈਸਵੀ ਦੀ ਵਿਸਾਖੀ ਨੂੰ ਪੰਜ ਪਿਆਰਿਆਂ ਨੂੰ ਛਕਾਇਆ ਗਿਆ ਜਲ ਵੀ ਅੰਮ੍ਰਿਤ ਕਹਾਉਂਦਾ ਹੈ ਜਿਸ ਨੂੰ ‘ਖੰਡੇ ਦੀ ਪਾਹੁਲ’ ਤੋਂ ‘ਖੰਡੇ ਦਾ ਅੰਮ੍ਰਿਤ’ ਬਣਾ ਦਿੱਤਾ ਗਿਆ ਹੈ।
ਗੁਰਬਾਣੀ ਦਾ ਅੰਮ੍ਰਿਤ- ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ ਅਤੇ ਇਹ ਹੀ ਸਾਡੇ ਜਾਨ ਅਤੇ ਪ੍ਰਾਣ ਹਨ। ਗੁਰਬਾਣੀ ਦਾ ਹਰ ਸ਼ਬਦ ਇੱਕ ਗੁਰਸਿੱਖ ਲਈ ਹੁਕਮ ਹੈ। ਹੋਰ ਕਿਸੇ ਵੀ ਇਤਿਹਾਸਕ ਸਰੋਤ, ਵਿਅਕਤੀ, ਸੰਸਥਾ ਦੀ ਪ੍ਰਮਾਣਿਕਤਾ ’ਤੇ ਸ਼ੱਕ ਕੀਤਾ ਜਾ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਆਪ ਲਿਖ ਕੇ ਸਾਨੂੰ ਸੌਂਪੀ ਹੈ, ਉਸ ’ਤੇ ਕਿਸੇ ਤਰ੍ਹਾਂ ਦੇ ਕਿੰਤੂ ਪ੍ਰੰਤੂ ਦੀ ਕੋਈ ਗੁੰਜਾਇਸ਼ ਨਹੀਂ ਹੈ ਅਤੇ ਖੁਸ਼ਕਿਸਮਤੀ ਨੂੰ ਅਜੇ ਤੱਕ ਇਸ ਵਿੱਚ ਕੋਈ ਰਲਾ ਵੀ ਨਹੀਂ ਪਾਇਆ ਜਾ ਸਕਿਆ। ਇਸ ਲਈ ਸਾਡੇ ਸਾਰੇ ਵਿਚਾਰ ਦਾ ਕੇਂਦਰੀ ਧੁਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਹੇਗੀ ਅਤੇ ਬਾਣੀ ਦੇ ਸਿਧਾਂਤ ਤੋਂ ਵਿਰੁੱਧ ਕੋਈ ਵੀ ਗੱਲ, ਭਾਵੇਂ ਉਹ ਕਿੰਨੇ ਵੀ ਵੱਡੇ ਵਿਦਵਾਨ ਨੇ ਕਹੀ ਹੋਵੇ, ਸਾਡੇ ਲਈ ਮੰਨਣਯੋਗ ਨਹੀਂ ਹੋਵੇਗੀ। ਕਸਵੱਟੀ ਸਿਰਫ਼ ਗੁਰਬਾਣੀ ਹੀ ਰਹੇਗੀ।
ਗੁਰਬਾਣੀ ਦੀ ਕਹੀ ਹੋਈ ਗੱਲ ਨੂੰ ਸੱਤ ਕਰਕੇ ਮੰਨਣਾ ਸਾਡੇ ਸਭ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ;
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ।।
***
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ।।
ਸੋ ਗੁਰਬਾਣੀ ਨੂੰ ਨਿਰੰਕਾਰ ਵੀ ਕਿਹਾ ਗਿਆ ਹੈ, ਧੁਰ ਕੀ ਬਾਣੀ, ਖਸਮ ਕੀ ਬਾਣੀ ਆਦਿ ਸ਼ਬਦ ਵੀ ਹਨ, ਸੋ ਜੇ ਗੁਰਬਾਣੀ ਵਿੱਚ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਸਿਰਫ਼ ਇੱਕ ਹੈ ਅਤੇ ਦੂਜਾ ਅੰਮ੍ਰਿਤ ਹੋ ਹੀ ਨਹੀਂ ਸਕਦਾ ਤਾਂ ਸਾਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਉਹ ਅੰਮ੍ਰਿਤ ਕਿਹੜਾ ਹੈ?
ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਅੰਮ੍ਰਿਤ ਸ਼ਬਦ ਵੱਲ ਆਪਣਾ ਧਿਆਨ ਲਾਵਾਂਗੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਮ੍ਰਿਤ ਸ਼ਬਦ ਲਗਭਗ 700 ਦੇ ਕਰੀਬ ਆਇਆ ਹੈ। ਭਾਵੇਂ ਕਈ ਥਾਵਾਂ ’ਤੇ ਜਲ ਨੂੰ, ਦੁੱਧ ਨੂੰ, ਮਿੱਠੇ ਪਦਾਰਥਾਂ ਨੂੰ ਅੰਮ੍ਰਿਤ ਸ਼ਬਦ ਨਾਲ ਤੁਲਨਾ ਦੇ ਕੇ ਵਡਿਆਇਆ ਗਿਆ ਹੈ, ਪਰ ਅਸਲ ਵਿੱਚ ਅਤੇ ਬਹੁਤੇ ਥਾਵਾਂ ’ਤੇ ਪਰਮਾਤਮਾ ਦੇ ਨਾਮ ਲਈ ਅੰਮ੍ਰਿਤ ਸ਼ਬਦ ਵਰਤਿਆ ਗਿਆ ਹੈ ਅਤੇ ਇਸੇ ਨਾਮ ਦੇ ਅਰਥਾਂ ਵਿੱਚ ਹੀ ਸਪੱਸ਼ਟ ਹੈ ਕਿ ਇਸ ਇੱਕ ਨਾਮ-ਅੰਮ੍ਰਿਤ ਤੋਂ ਬਿਨਾਂ ਕੋਈ ਵੀ ਹੋਰ ਵਸਤੂ ਨੂੰ ਅੰਮ੍ਰਿਤ ਮੰਨਿਆ ਜਾਣਾ ਠੀਕ ਨਹੀਂ ਹੈ। ਇਸ ਨਾਮ ਅੰਮ੍ਰਿਤ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰੀਏ।
ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ- ਗੁਰਬਾਣੀ ਵਿੱਚ ਬਹੁਤ ਥਾਵਾਂ ’ਤੇ ਪਰਮਾਤਮਾ ਦੇ ਨਾਮ ਨੂੰ ਹੀ ਅੰਮ੍ਰਿਤ ਕਿਹਾ ਗਿਆ ਹੈ। ਕੁਝ ਕੁ ਹਵਾਲੇ ਦੇਖਦੇ ਹਾਂ;
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ।।
***
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ।।
***
ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲੁ ਪੀਵਹੁ ਭਾਈ।।
***
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ।।
ਸੋ ਸੈਂਕੜੇ ਅਜਿਹੇ ਫੁਰਮਾਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਿਲਦੇ ਹਨ, ਜਿਨ੍ਹਾਂ ਵਿੱਚ ਕਿਤੇ ਅੰਮ੍ਰਿਤ ਨੂੰ ਨਾਮ ਕਿਹਾ ਗਿਆ ਹੈ। ਕਿਤੇ ਨਾਮ ਨੂੰ ਅੰਮ੍ਰਿਤ ਕਿਹਾ ਗਿਆ ਹੈ ਅਤੇ ਕਿਤੇ ਨਾਮ-ਅੰਮ੍ਰਿਤ ਸ਼ਬਦ ਇਕੱਠਾ ਵਰਤਿਆ ਗਿਆ ਹੈ। ਗੁਰੂ ਸਾਹਿਬ ਅਤੇ ਹੋਰ ਬਾਣੀਕਾਰ ਪ੍ਰਭੂ ਦੇ ਨਾਮ ਨੂੰ ਹੀ ਅੰਮ੍ਰਿਤ ਨਾਲ ਤੁਲਨਾ ਦਿੰਦੇ ਹੋਏ ਇਸੇ ਨੂੰ ਅਮਰ ਕਰ ਦੇਣਾ ਵਾਲਾ, ਸਾਰੇ ਖ਼ਜ਼ਾਨਿਆਂ ਦਾ ਵੱਡਾ ਖ਼ਜ਼ਾਨਾ, ਸਾਰੇ ਰੋਗਾਂ ਦੀ ਇੱਕੋ ਇੱਕ ਦਵਾਈ, ਅਸਲੀ ਅਤੇ ਚਿਰ ਸਥਾਈ ਆਨੰਦ ਦੇਣ ਵਾਲਾ, ਕਦੇ ਨਾ ਮੁੱਕਣ ਵਾਲਾ ਅਤੇ ਸਾਰੇ ਸੁੱਖਾਂ ਦਾ ਦਾਤਾ ਆਖਿਆ ਹੈ। ਇਸੇ ਨੂੰ ਸਦਾ ਧਿਆਉਣ ਲਈ, ਜਪਣ ਲਈ ਤਾਕੀਦ ਵੀ ਕੀਤੀ ਹੈ, ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਮਿਲਦਾ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਹੀ ਹੈ।
ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਇੱਕ ਅੰਮ੍ਰਿਤ ਤਿਆਰ ਕੀਤਾ ਹੈ। ਉਹ ਜਪੁਜੀ ਸਾਹਿਬ ਵਿੱਚ ਹੀ ਇਸ ਅੰਮ੍ਰਿਤ ਬਾਰੇ ਦੱਸਦੇ ਹਨ ਕਿ ਜੇ ਜਤ ਨੂੰ ਭੱਠੀ, ਧੀਰਜ ਨੂੰ ਸੁਨਿਆਰ ਬਣਾਇਆ ਜਾਵੇ, ਬੁੱਧੀ ਨੂੰ ਅਹਿਰਣ ਬਣਾ ਕੇ ਗਿਆਨ ਦੀਆਂ ਸੱਟਾਂ ਮਾਰੀਆਂ ਜਾਣ। ਪ੍ਰਭੂ ਦੇ ਨਿਰਮਲ ਭਉ ਨੂੰ ਧੌਂਕਣੀ ਅਤੇ ਤਪ ਦੀ ਅਗਨੀ ਹੋਵੇ ਤਾਂ ਪ੍ਰੇਮ ਦੇ ਭਾਂਡੇ ਵਿੱਚ ਅੰਮ੍ਰਿਤ ਪੈਦਾ ਹੁੰਦਾ ਹੈ। ਇਸ ਤਰ੍ਹਾਂ ਇਸ ਸੱਚੀ ਟਕਸਾਲ ਵਿੱਚ ਸ਼ਬਦ ਘੜਿਆ ਜਾਂਦਾ ਹੈ, ਪਰ ਇਹ ਮਿਲਦਾ ਭਾਗਾਂ ਵਾਲਿਆਂ ਨੂੰ ਹੀ ਹੈ।
ਗੁਰੂ ਦਾ ਸ਼ਬਦ ਅਤੇ ਬਾਣੀ ਹੀ ਅੰਮ੍ਰਿਤ ਹੈ- ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਥਾਵਾਂ ’ਤੇ ਅੰਮ੍ਰਿਤ ਸ਼ਬਦ ਬਾਣੀ ਲਈ ਵਰਤਿਆ ਗਿਆ ਹੈ। ਕਿਤੇ ਸਿੱਧਾ ਹੀ ਬਾਣੀ ਨੂੰ ਅੰਮ੍ਰਿਤ ਕਿਹਾ ਗਿਆ ਹੈ, ਕਿਤੇ ਬਾਣੀ ਨੂੰ ਅੰਮ੍ਰਿਤ ਵਰਗੀ ਮਿੱਠਾ ਰਸ ਦੇਣ ਵਾਲੀ ਕਿਹਾ ਗਿਆ ਹੈ। ਬਹੁਤੀ ਵਾਰੀ ਸ਼ਬਦ ਅੰਮ੍ਰਿਤ-ਬਾਣੀ ਵਰਤਿਆ ਗਿਆ ਹੈ। ਬਾਣੀ ਇੱਕ ਪਾਸੇ ਜਿੱਥੇ ਆਨੰਦ ਅਤੇ ਰਸ ਦੇਣ ਵਾਲੀ ਹੈ, ਦੂਜੇ ਪਾਸੇ ਬਾਣੀ ਨਾਲ ਜੁੜ ਕੇ ਵਿਕਾਰ ਖ਼ਤਮ ਹੁੰਦੇ ਹਨ ਅਤੇ ਬਾਣੀ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਸਾਨੂੰ ਆਤਮਿਕ ਤੌਰ ’ਤੇ ਅਮਰ ਕਰ ਦਿੰਦਾ ਹੈ। ਕਿਉਂਕਿ ਜਿਸ ਦੀ ਆਤਮਾ ਜਾਗ ਪਈ ਹੈ, ਜਿਸ ਨੇ ਆਪਣੇ ਵਿਕਾਰ ਖ਼ਤਮ ਕਰ ਲਏ ਹਨ ਅਤੇ ਪ੍ਰਭੂ ਦੀ ਜੋਤ ਨਾਲ ਇੱਕ ਮਿੱਕ ਹੋ ਕੇ ਇੱਕ ਤਰ੍ਹਾਂ ਨਾਲ ਅਮਰ ਹੀ ਹੋ ਗਿਆ ਹੈ;
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ।।
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ।।
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ।।
***
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।।
ਅੰਮ੍ਰਿਤ ਸ਼ਬਦ ਦੀ ਵਿਆਪਕ ਵਰਤੋਂ- ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁਤ ਜ਼ਿਆਦਾ ਵਾਰੀ ਵਰਤਿਆ ਗਿਆ ਹੈ। ਬਹੁਤ ਥਾਵਾਂ ’ਤੇ ਇਕੱਲਾ ਅਤੇ ਕੁਝ ਥਾਵਾਂ ’ਤੇ ਕਿਸੇ ਹੋਰ ਸ਼ਬਦ ਨਾਲ ਲੱਗ ਕੇ ਉਸ ਦੀ ਵਿਸ਼ੇਸ਼ਤਾ ਵਜੋਂ ਜਾਂ ਅਲੰਕਾਰ ਵਜੋਂ ਵੀ ਵਰਤਿਆ ਮਿਲਦਾ ਹੈ। ਕੁਝ ਅਜਿਹੇ ਸ਼ਬਦ ਜਿਨ੍ਹਾਂ ਨਾਲ ਅੰਮ੍ਰਿਤ ਸ਼ਬਦ ਦੀ ਵਰਤੋਂ ਹੋਈ ਹੈ, ਉਹ ਹਨ- ਅੰਮ੍ਰਿਤ-ਗੁਰੂ, ਅੰਮ੍ਰਿਤ-ਬਾਣੀ, ਅੰਮ੍ਰਿਤ ਗਿਆਨ, ਅੰਮ੍ਰਿਤ-ਨਾਮੁ, ਅੰਮ੍ਰਿਤ-ਵੇਲਾ, ਅੰਮ੍ਰਿਤ-ਰਸ, ਅੰਮ੍ਰਿਤ-ਭੋਜਨ, ਅੰਮ੍ਰਿਤ-ਫਲ, ਅੰਮ੍ਰਿਤ-ਜਲ, ਅੰਮ੍ਰਿਤ-ਕੁੰਡ, ਅੰਮ੍ਰਿਤ-ਬਚਨ, ਅੰਮ੍ਰਿਤ-ਸਰ, ਅੰਮ੍ਰਿਤ-ਭਗਤੀ, ਅੰਮ੍ਰਿਤ-ਵਰਖਾ, ਅੰਮ੍ਰਿਤ-ਦ੍ਰਿਸ਼ਟੀ, ਅੰਮ੍ਰਿਤ-ਧਾਰ, ਅੰਮ੍ਰਿਤ-ਖਾਣਾ ਪਹਿਨਣਾ। ਇਨ੍ਹਾਂ ਵਿੱਚੋਂ ਅੰਮ੍ਰਿਤ-ਜਲ, ਅੰਮ੍ਰਿਤ-ਕੁੰਡ, ਅੰਮ੍ਰਿਤ-ਵਰਖਾ ਅਤੇ ਅੰਮ੍ਰਿਤ-ਰਸ ਸ਼ਬਦਾਂ ਵਾਲੇ ਗੁਰ ਫੁਰਮਾਨ ਖ਼ਾਸ ਤੌਰ ’ਤੇ ਵਿਚਾਰਨੇ ਜ਼ਰੂਰੀ ਹਨ ਕਿਉਂਕਿ ਇਹ ਪੀਣ ਵਾਲੇ ਅੰਮ੍ਰਿਤ ਨਾਲ ਰਲਦੇ ਮਿਲਦੇ ਹਨ ਅਤੇ ਗੁਰ-ਫੁਰਮਾਨਾਂ ਦੇ ਅਰਥ ਕੀਤਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਕਿਧਰੇ ਵੀ ਅੰਮ੍ਰਿਤ ਦੀ ਵਰਤੋਂ ਕਿਸੇ ਅਜਿਹੇ ਜਲ ਦੇ ਰੂਪ ਵਿੱਚ ਨਹੀਂ ਹੋਈ, ਜਿਸ ਨੂੰ ਪੀਣ ਤੋਂ ਬਾਅਦ ਇਨਸਾਨ ਅਮਰ ਹੋ ਜਾਂਦਾ ਹੋਵੇ। ਕਿਤੇ ਹਰਿ ਦੇ ਨਾਮ ਲਈ, ਕਿਤੇ ਹਰਿ ਦੇ ਗੁਣਾਂ ਲਈ, ਕਿਤੇ ਉਸ ਦੀ ਸਿਫਤ ਸਲਾਹ ਲਈ ਅਤੇ ਕਿਤੇ ਉਸ ਦੇ ਭਗਤਾਂ ਲਈ ਵੀ ਇਹ ਸ਼ਬਦ ਵਰਤਿਆ ਗਿਆ ਹੈ। ਬਹੁਤ ਅਨੰਦਮਈ ਅਵਸਥਾ ਨੂੰ ਬਿਆਨ ਕਰਦੇ ਹੋਏ ਵੀ ਅੰਮ੍ਰਿਤ ਪੀਣ ਦੇ ਸਮਾਨ ਕਿਹਾ ਗਿਆ ਹੈ।
ਨੋਟ ਕਰਨ ਵਾਲੀ ਗੱਲ ਇਹ ਹੈ ਕਿ ਪੁਰਾਤਨ ਇਤਿਹਾਸਕ ਸਰੋਤਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਸਮੇਂ ਖਾਲਸਾ ਪ੍ਰਗਟ ਕਰਨ ਸਮੇਂ ‘ਖੰਡੇ ਦੀ ਪਾਹੁਲ’ ਛਕਾਈ ਸੀ। ਉਹ ਕਦੋਂ ਅਤੇ ਕਿਉਂ ‘ਅੰਮ੍ਰਿਤ ਛਕਾਇਆ’ ਕਿਹਾ ਜਾਣ ਲੱਗ ਗਿਆ, ਇੱਕ ਵੱਖਰੀ ਖੋਜ ਦਾ ਵਿਸ਼ਾ ਹੈ। ਪੁਰਾਤਨ ਰਹਿਤਨਾਮੇ ਅਤੇ ਸਰੋਤਾਂ ਦੇ ਕੁਝ ਹਵਾਲੇ ਦੇਖਣੇ ਬਣਦੇ ਹਨ।
* ਪ੍ਰਥਮ ਰਹਿਤ ਯਹਿ ਜਾਨ ਖੰਡੇ ਕੀ ਪਾਹੁਲ ਛਕੇ।
ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
* ਖੰਡੇ ਕੀ ਪਾਹੁਲ ਬਿਨਾ ਕੇਸ ਰੱਖੇ ਸੋ ਭੇਖੀ।
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
* ਧਰਹਿ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿਖ।
ਮੇਰਾ ਦਰਸ਼ਨ ਨਾਹਿ ਤਿਸ ਪਾਪੀ ਤਿਆਗੇ ਭਿਖ।
(ਰਹਿਤਨਾਮਾ ਭਾਈ ਸਾਹਿਬ ਸਿੰਘ ਜੀ)
* ਗੁਰੂ ਕਾ ਸਿੱਖ ਪਾਹੁਲ ਲਏ ਜੂੜੇ ਸੰਪੂਰਨ ਹੋਏ ਤੋੜੀ।
(ਰਹਿਤਨਾਮਾ ਭਾਈ ਚਉਪਾ ਸਿੰਘ ਜੀ ਛਿੱਬਰ)
ਭੱਟ ਬਹੀ ਪਰਗਣਾ ਥਾਨੇਸਰ ਵਿੱਚ ਲਿਖਿਆ ਹੈ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਸਾਲ ਸਤ੍ਰ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ।
ਇਸ ਤਰ੍ਹਾਂ ਪੁਰਾਤਨ ਇਤਿਹਾਸਕ ਲਿਖਤਾਂ ਵਿੱਚ ਕਿਤੇ ਵੀ ‘ਖੰਡੇ ਕਾ ਅੰਮ੍ਰਿਤ’ ਸ਼ਬਦ ਨਹੀਂ ਵਰਤਿਆ ਗਿਆ। ਹਰ ਥਾਂ ’ਤੇ ਖੰਡੇ ਕੀ ਪਾਹੁਲ ਸ਼ਬਦ ਹੀ ਵਰਤੋਂ ਵਿੱਚ ਆਇਆ ਹੈ। ਇਨ੍ਹਾਂ ਸਬੂਤਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣਾ ਸ਼ਬਦ ਆਖਿਆ ਹੀ ਨਹੀਂ। ਕਿਉਂ ਅਤੇ ਕਦੋਂ ਪਾਹੁਲ ਨੂੰ ਅੰਮ੍ਰਿਤ ਕਰ ਦਿੱਤਾ ਗਿਆ ਹੈ? ਕੁਝ ਗੰਭੀਰ ਵਿਚਾਰਕ ਇਹ ਸੋਚਦੇ ਹਨ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਆਨ ਕੀਤੇ ਸੂਖਮ ਅੰਮ੍ਰਿਤ ਨਾਲੋਂ ਤੋੜਨ ਲਈ ਇਸ ਸਥੂਲ ਅੰਮ੍ਰਿਤ ਦੀ ਵਰਤੋਂ ਕੀਤੀ ਗਈ। ਅੱਜ ਕੋਈ ਵੀ ਸਿੱਖ ਖੰਡੇ ਕੀ ਪਾਹੁਲ ਛਕ ਕੇ ਹੀ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿਣ ਅਤੇ ਸਮਝਣ ਲੱਗ ਜਾਂਦਾ ਹੈ ਅਤੇ ਇਸ ਲਈ ਉਹ ਨਾਮ ਅੰਮ੍ਰਿਤ ਵੱਲ ਧਿਆਨ ਹੀ ਨਹੀਂ ਦਿੰਦਾ। ਜਿਸ ਨਾਲ ਉਸ ਵਿੱਚ ਨਾਮ ਰਾਹੀਂ ਜੋ ਵਾਹਿਗੁਰੂ ਜੀ ਦੀ ਕਲਾ ਵਰਤਣੀ ਸੀ, ਉਹ ਨਹੀਂ ਵਰਤਦੀ। ਉਲਟਾ ਉਹ ਆਪਣੇ ਆਪ ਦੇ ਸਿੰਘ ਜਾਂ ਖਾਲਸਾ ਹੋਣ ’ਤੇ ਸੂਖਮ ਹੰਕਾਰ ਕਰ ਬੈਠਦਾ ਹੈ ਅਤੇ ਆਪਣੇ ਆਪ ਨੂੰ ਬਾਕੀਆਂ ਤੋਂ ਉੱਚਾ ਮੰਨਣ ਲੱਗ ਜਾਂਦਾ ਹੈ।
ਖੰਡੇ ਕੀ ਪਾਹੁਲ ਨੂੰ ਅੰਮ੍ਰਿਤ ਕਹਿਣ ਦਾ ਇਹ ਬੜਾ ਗ਼ਲਤ ਅਸਰ ਕੌਮ ’ਤੇ ਪਿਆ ਹੈ ਕਿ ਸਿੱਖ ਅਸਲ ਅੰਮ੍ਰਿਤ ਦੀ ਖੋਜ ਹੀ ਛੱਡ ਬੈਠੇ। ਅੱਜ, ਜਦੋਂ ਪੰਜ ਕਕਾਰਾਂ ਦੇ ਧਾਰਨੀ ਸਿੱਖਾਂ ਨੂੰ ਕੋਈ ਗ਼ਲਤ ਕੰਮ ਕਰਦੇ ਦੇਖਦੇ ਹਾਂ ਤਾਂ ਅੰਮ੍ਰਿਤ ਬਾਰੇ ਇੱਕ ਗ਼ਲਤ ਪ੍ਰਭਾਵ ਜਾਂਦਾ ਹੈ, ਜਦ ਕਿ ਜੇ ਗੁਰਬਾਣੀ ਵਿੱਚ ਦੱਸਿਆ ਅੰਮ੍ਰਿਤ ਛਕਿਆ ਹੁੰਦਾ ਤਾਂ ਦੈਵੀ ਗੁਣ ਜ਼ਰੂਰ ਆਉਣੇ ਸਨ।
ਇਸ ਲਈ ਅੱਜ ਲੋੜ ਹੈ ਉਸ ਅੰਮ੍ਰਿਤ ਨੂੰ ਲੱਭਣ ਦੀ ਅਤੇ ਛਕਣ ਦੀ ਜੋ ਗੁਰਬਾਣੀ ਵਿੱਚ ਬਿਆਨ ਕੀਤਾ ਗਿਆ ਹੈ। ਜਿਹੜਾ ਬਾਹਰੋਂ ਨਹੀਂ ਸਗੋਂ ਮਨ ਦੇ ਅੰਦਰੋਂ ਹੀ ਮਿਲਣਾ ਹੈ। ਕੁਝ ਵਿਦਵਾਨ ਇਹ ਵੀ ਆਖਦੇ ਹਨ ਕਿ ਨਾਮ ਹੈ ਤਾਂ ਅੰਦਰ ਹੀ, ਪਰ ਉਸ ਨੂੰ ਬਾਹਰ ਲਿਆਉਣ ਲਈ ਖੰਡੇ ਦਾ ਅੰਮ੍ਰਿਤ ਓਹੀ ਕੰਮ ਕਰਦਾ ਹੈ, ਜਿਹੜਾ ਇੱਕ ਨਲਕਾ ਲਗਾਏ ਜਾਣ ਸਮੇਂ ਬਾਹਰੋਂ ਪਾਇਆ ਜਾਣ ਵਾਲਾ ਪਾਣੀ ਕਰਦਾ ਹੈ, ਪਰ ਇੱਕ ਸਵਾਲ ਹੈ ਕਿ ਖੰਡੇ ਦੀ ਪਾਹੁਲ ਤੋਂ ਪਹਿਲਾਂ ਕੀ ਗੁਰਸਿੱਖ ਅੰਮ੍ਰਿਤ ਨਹੀਂ ਛਕਦੇ ਸਨ? ਜੇ ਅੰਮ੍ਰਿਤ ਛਕਣ ਨੂੰ ਸਿਰਫ਼ ਸਕੂਲ ਵਿੱਚ ਦਾਖਲ ਹੋਣ ਮੰਨਿਆ ਜਾਵੇ ਤਾਂ ਕਿਹਾ ਜਾਂਦਾ ਏ ਕਿ ਪਹਿਲਾਂ ਚਰਨ-ਪਾਹੁਲ ਦੇਣ ਦੀ ਰੀਤ ਸੀ। ਜਿਸ ਨੂੰ ਮੰਨਣਾ ਕੁਝ ਔਖਾ ਲੱਗਦਾ ਹੈ, ਪਰ ਚਲੋ, ਜੇ ਅਸੀਂ ਖੰਡੇ ਦੀ ਪਾਹੁਲ ਨੂੰ ਸਕੂਲ ਦਾਖਲੇ ਨਾਲ ਤੁਲਨਾ ਦੇਈਏ ਤਾਂ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ਼ ਦਾਖਲਾ ਲੈਣ ਨਾਲ ਹੀ ਤਾਂ ਪਾਸ ਨਹੀਂ ਹੋਇਆ ਜਾ ਸਕਦਾ। ਕੀ ਅੱਜ ਅਸੀਂ ਗੁਰੂ ਦੇ ਸਿਲੇਬਸ ਦੀ ਪੜ੍ਹਾਈ ਕਰ ਰਹੇ ਹਾਂ? ਗੁਰਬਾਣੀ ਹੀ ਸਾਡਾ ਸਿਲੇਬਸ ਹੈ, ਜਿਸ ਦੇ ਸਬਕ ਸਿਰਫ਼ ਯਾਦ ਹੀ ਨਹੀਂ ਕਰਨੇ, ਸਗੋਂ ਹਰ ਪਲ ਦੇ ਜੀਵਨ ਵਿੱਚ ਜਿਊਣੇ ਵੀ ਹਨ। ਉਸ ਦਾ ਪ੍ਰੈਕਟੀਕਲ ਹਮੇਸ਼ਾਂ ਹੀ ਹੈ। ਪਾਤਸ਼ਾਹ ਬਖ਼ਸ਼ਿਸ਼ ਕਰਨ, ਅਸੀਂ ਗੁਰਬਾਣੀ ਵਿੱਚ ਜ਼ਿਕਰ ਕੀਤੇ ਹੋਏ ਨਾਮ-ਅੰਮ੍ਰਿਤ ਨੂੰ ਸਮਝ ਸਕੀਏ, ਇਸ ਨੂੰ ਘੁੱਟ ਘੁੱਟ ਕਰਕੇ ਪੀ ਵੀ ਸਕੀਏ ਅਤੇ ਇਸ ਰਸ ਨਾਲ ਸਰਸ਼ਾਰ ਹੋ ਕੇ ਆਪਣਾ ਜੀਵਨ ਜੀਵੀਏ। ਅਰਦਾਸ ਕਰੀਏ ਕਿ ਗੁਰੂ ਦੀ ਮਤਿ ਸਮਝ ਆਵੇ ਅਤੇ ਇਸ ਮਾਰਗ ’ਤੇ ਤੁਰਨ ਦੀ ਜਾਚ ਵੀ ਆਵੇ।
ਸੰਪਰਕ: 98147-15796

Advertisement

Advertisement