ਨਾਜਾਇਜ਼ ਕਬਜ਼ੇ ਖ਼ਿਲਾਫ਼ ਪ੍ਰਦਰਸ਼ਨ
ਖਰੜ: ਇੱਥੇ ਪਾਣੀ ਦੇ ਨਿਕਾਸ ਲਈ ਬਣੀ ਬਰਸਾਤੀ ਚੋਅ ’ਤੇ ਇੱਕ ਬਿਲਡਰ ਵੱਲੋਂ ਕੀਤੇ ਕਥਿਤ ਨਾਜਾਇਜ਼ ਕਬਜ਼ੇ ਵਿਰੁੱਧ ਅੱਜ ਇੱਥੋਂ ਦੇ ਵਸਨੀਕਾਂ ਨੇ ਰੋਸ ਪ੍ਰਗਟਾਵਾ ਕੀਤਾ। ਜੀਬੀਪੀ ਕਰੱਸਟ ਕਲੋਨੀ ਦੇ ਸੁਰਜੀਤ ਸਿੰਘ ਅਟਵਾਲ, ਮੱਖਣ ਸਿੰਘ, ਇੰਦਰਜੀਤ ਸਿੰਘ ਅਤੇ ਆਰ ਕੇ ਸ਼ਰਮਾ ਆਦਿ ਨੇ ਕਿਹਾ ਕਿ ਇੱਕ ਬਿਲਡਰ ਵੱਲੋਂ ਬਰਸਾਤੀ ਪਾਣੀ ਦੇ ਨਿਕਾਸ ਵਾਲੇ ਚੋਅ ’ਤੇ ਕਥਿਤ ਕਬਜ਼ਾ ਕਰ ਲਿਆ ਗਿਆ ਹੈ। ਇਸ ਦੀ ਚੌੜਾਈ 55 ਫੁੱਟ ਤੋਂ ਹੁਣ ਸਿਰਫ਼ 15 ਫੁੱਟ ਹੀ ਰਹਿ ਗਈ ਹੈ। ਉਨਾਂ ਕਿਹਾ ਕਿ ਕੋਈ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰਦਾ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਵੀ ਜਿੰਦਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਮੌਕੇ ’ਤੇ ਜਾ ਕੇ ਜਾਂਚ ਕਰਨਗੇ ਤੇ ਨਾਜਾਇਜ਼ ਕਬਜੇ ਹਟਾਏ ਜਾਣਗੇ। -ਪੱਤਰ ਪ੍ਰੇਰਕ
ਜਥੇਦਾਰ ਵੱਲੋਂ ਸਫ਼ਾਈ ਪ੍ਰਬੰਧਾਂ ਲਈ ਕੌਂਸਲ ਪ੍ਰਧਾਨ ਨਾਲ ਚਰਚਾ
ਸ੍ਰੀ ਆਨੰਦਪੁਰ ਸਾਹਿਬ: ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਆਨੰਦਪੁਰ ਸਾਹਿਬ ਵਿੱਚ ਆਪਣੇ ਦਫ਼ਤਰ ’ਚ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਸੀਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਗਰ ਦੀ ਸਫ਼ਾਈ ਸਣੇ ਹੋਰ ਮੁੱਦਿਆਂ ਤੇ ਸਮੱਸਿਆਵਾਂ ਬਾਰੇ ਚਰਚਾ ਕੀਤੀ। ਜਥੇਦਾਰ ਨੇ ਹਰਜੀਤ ਸਿੰਘ ਨੂੰ ਦੱਸਿਆ ਕਿ ਇਸੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਗੁਰਿਆਈ ਦਿਵਸ ਸਬੰਧੀ ਸ਼ਤਾਬਦੀ ਵੱਡੇ ਪੱਧਰ ਉੱਤੇ ਮਨਾਈ ਜਾਣੀ ਹੈ। ਕੌਂਸਲ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣਗੇ। -ਪੱਤਰ ਪ੍ਰੇਰਕ
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ
ਚੰਡੀਗੜ੍ਹ: ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ ਯੂਨਿਟ ਵੱਲੋਂ ਕਮਿਊਨਿਟੀ ਸੈਂਟਰ ਸੈਕਟਰ-19 ਚੰਡੀਗੜ੍ਹ ਵਿੱਚ ਵਿਸਾਖੀ ਦਾ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮਗਰੋਂ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦਾ ਬਕਾਇਆ ਕਿਸ਼ਤਾਂ ਦੀ ਬਜਾਇ ਯਕਮੁਸ਼ਤ ਇੱਕੋ ਵਾਰ ਅਦਾ ਕਰਨ ਲਈ ਬੇਨਤੀ ਕੀਤੀ ਗਈ। ਮੁਹਾਲੀ ਦੇ ਸੈਕਟਰ-71 ਮੁਹਾਲੀ ਸਥਿਤ ਲਿਵਾਸਾ ਹਸਪਤਾਲ ਦੇ ਡਾਇਰੈਕਟਰ ਡਾ. ਪ੍ਰੋਫੈਸਰ ਆਦਿੱਤਿਆ ਅਗਰਵਾਲ ਨੇ ਹੱਡੀਆਂ ਦੇ ਰੋਗ ਤੋਂ ਬਚਣ ਤੇ ਇਲਾਜ ਬਾਰੇ ਭਾਸ਼ਣ ਦਿੱਤਾ। ਮੈਨੇਜਰ ਏਯੂ ਸਮਾਲ ਸੇਵਿੰਗਜ਼ ਬੈਂਕ ਚਰਨਜੀਤ ਸਿੰਘ ਨੇ ਵਿੱਤੀ ਸੇਵਿੰਗ ਸਬੰਧੀ ਜਾਣੂ ਕਰਵਾਇਆ ਗਿਆ। ਦੀਪਕ ਰਾਏ ਰਿਖੀ ਅਤੇ ਹੋਰ ਮੈਂਬਰਾਂ ਨੇ ਗਿੱਧੇ ਤੇ ਭੰਗੜੇ ਦਾ ਅਨੰਦ ਮਾਣਿਆ। ਪ੍ਰਧਾਨ ਦਰਸ਼ਨ ਕੁਮਾਰ ਬੱਗਾ ਨੇ ਵਿਸਾਖੀ ਦੇ ਤਿਉਹਾਰ ਦਾ ਮਹੱਤਵ ਦੱਸਿਆ। ਐਸੋਸੀਏਸ਼ਨ ਦੀ ਸੀਨੀਅਰ ਮੀਤ ਪ੍ਰਧਾਨ ਰਣਬੀਰ ਕੌਰ ਨੇ ਐਸੋਸੀਏਸ਼ਨ ਦੀਆਂ ਉਪਲਬਧੀਆਂ ਬਾਰੇ ਦੱਸਿਆ। -ਪੱਤਰ ਪ੍ਰੇਰਕ
ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ
ਅਮਲੋਹ: ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਮੰਡੀ ਗੋਬਿੰਦਗੜ੍ਹ ਵੱਲੋਂ ਲਾਲਾ ਫੂਲ ਚੰਦ ਬਾਂਸਲ ਸਰਵਹਿਤਕਾਰੀ ਵਿੱਦਿਆ ਮੰਦਰ ਸਕੂਲ ਅਮਲੋਹ ਵਿੱਚ ਦੰਦਾਂ ਦਾ ਜਾਂਚ ਕੈਂਪ ਲਗਾਇਆ ਗਿਆ। ਸਕੂਲ ਮੈਨੇਜਰ ਰਾਕੇਸ਼ ਕੁਮਾਰ ਗਰਗ, ਕਾਰਜਕਾਰੀ ਇੰਚਾਰਜ ਕਰਨ ਸਿੰਘ ਅਤੇ ਵਾਈਸ ਪ੍ਰਿੰਸੀਪਲ ਆਂਚਲ ਰਾਣੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਕੈਂਪ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਦੀ ਵੀ ਦੰਦਾਂ ਦੀ ਜਾਂਚ ਕੀਤੀ ਗਈ। ਕੈਂਪ ਵਿੱਚ ਡੈਂਟਲ ਕਾਲਜ ਅਤੇ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਲੈਕਚਰਾਰਾਂ ਦੀ ਟੀਮ ਦੇ ਮੈਂਬਰਾਂ ਵਿੱਚ ਡਾ. ਰਾਜਬਿੰਦਰ ਕੌਰ, ਮਨਮੀਤ ਸਿੰਘ, ਬੀਡੀਐੱਸ ਫਾਈਨਲ ਦੀਆਂ ਵਿਦਿਆਰਥਣਾਂ ਅੰਜਲੀ ਗਿੱਲ, ਅੰਜਲੀ ਰਾਜਸ਼ੀ, ਅਨੂੰ ਅਤੇ ਪੀਆਰਓ ਮਨਨ ਸ਼ਰਮਾ ਆਦਿ ਸ਼ਾਮਲ ਸਨ। ਅੰਤ ਵਿੱਚ ਸਕੂਲ ਚੇਅਰਮੈਨ ਰਾਜਪਾਲ ਗਰਗ ਆਦਿ ਨੇ ਟੀਮ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
ਕਹਾਣੀ ਸੰਗ੍ਰਹਿ ‘ਲਾਲ ਰੱਤਾ’ ਲੋਕ ਅਰਪਣ
ਐੱਸਏਐੱਸ ਨਗਰ(ਮੁਹਾਲੀ): ਸਵਪਨ ਫਾਊਂਡੇਸ਼ਨ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਮੁਹਾਲੀ ਸਥਿਤ ਜ਼ਿਲ੍ਹਾ ਦਫ਼ਤਰ ਵਿੱਚ ਭੁਪਿੰਦਰ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ‘ਲਾਲ ਰੱਤਾ’ ਲੋਕ ਅਰਪਣ ਕੀਤਾ ਗਿਆ। ਜ਼ਿਲ੍ਹਾ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ। ਲੇਖਕ ਸੁਰਜੀਤ ਸੁਮਨ ਨੇ ਚਰਚਾ ਦੀ ਸ਼ੁਰੂਆਤ ਕੀਤੀ। ਆਲੋਚਕ ਡਾ. ਤੇਜਿੰਦਰ ਸਿੰਘ ਤੇ ਕਹਾਣੀਕਾਰ ਪਰਮਜੀਤ ਮਾਨ ਨੇ ਵਿਚਾਰ ਰੱਖੇ। ਕਹਾਣੀਕਾਰਾ ਦੀਪਤੀ ਬਬੂਟਾ, ਆਲੋਚਕ ਡਾ. ਪ੍ਰਵੀਨ ਕੁਮਾਰ, ਕਹਾਣੀਕਾਰ ਬਲੀਜੀਤ, ਵਿਸ਼ੇਸ਼ ਮਹਿਮਾਨ ਕਹਾਣੀਕਾਰ ਭਗਵੰਤ ਰਸੂਲਪੁਰੀ, ਗੁਰਦੇਵ ਚੌਹਾਨ, ਡਾ. ਮਨਮੋਹਨ ਨੇ ਇਨ੍ਹਾਂ ਕਹਾਣੀਆਂ ਦੀ ਮਹੱਤਤਾ ਬਾਰੇ ਦੱਸਿਆ। ਲੇਖਕ ਭੁਪਿੰਦਰ ਸਿੰਘ ਮਾਨ ਕਿਹਾ ਕਿ ਉਹ ਸਾਰੇ ਸੁਝਾਏ ਨੁਕਤਿਆਂ ’ਤੇ ਅਮਲ ਕਰਨਗੇ। ਮੰਚ ਸੰਚਾਲਨ ਸਵਪਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਲੇਖਕ ਜਗਦੀਪ ਸਿੱਧੂ ਨੇ ਕੀਤਾ। -ਖੇਤਰੀ ਪ੍ਰਤੀਨਿਧ