ਨਵੀਂ ਪੈਨਸ਼ਨ ਸਕੀਮ ਖ਼ਿਲਾਫ਼ ਸੰਘਰਸ਼ ਕਰਨਗੇ ਮੁਲਾਜ਼ਮ
ਕੁਲਦੀਪ ਸਿੰਘ
ਚੰਡੀਗੜ੍ਹ, 18 ਅਪਰੈਲ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ ਐੱਨਪੀਐੱਸ ਕਰਮਚਾਰੀਆਂ ਨੇ ਪਹਿਲੀ ਮਈ ਨੂੰ ਦਿੱਲੀ ਦੇ ਜੰਤਰ ਮੰਤਰ ਵਿਚ ਹੋਣ ਵਾਲੀ ਦੇਸ਼ ਵਿਆਪੀ ਰੋਸ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਜਰਨੈਲ ਸਿੰਘ ਪੱਟੀ, ਅਜੀਤਪਾਲ ਸਿੰਘ ਜੱਸੋਵਾਲ, ਲਖਵਿੰਦਰ ਸਿੰਘ ਭੌਰ, ਕਰਮਜੀਤ ਸਿੰਘ ਤਾਮਕੋਟ, ਰਣਬੀਰ ਸਿੰਘ ਉੱਪਲ, ਜਸਵਿੰਦਰ ਸਿੰਘ ਜੱਸਾ, ਜਗਸੀਰ ਸਿੰਘ ਸਹੋਤਾ, ਵਰਿੰਦਰ ਵਿੱਕੀ ਤੇ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਪਹਿਲੀ ਮਈ ਦੀ ਪੁਰਾਣੀ ਪੈਨਸ਼ਨ ਬਹਾਲੀ ਲਈ ਜੰਤਰ-ਮੰਤਰ ’ਤੇ ਕੀਤੀ ਜਾ ਰਹੀ ਦੇਸ਼ ਵਿਆਪੀ ਰੋਸ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਡੱਟਵਾਂ ਸਮਰਥਨ ਕਰਦਿਆਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ। ਉਨ੍ਹਾਂ ਕਿਹਾ ਕਿ ਯੂਪੀਐੱਸ ਬਾਰੇ ਮੁਲਾਜ਼ਮ ਸਮਝਦੇ ਹਨ ਕਿ ਇਹ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਦੀ ਸਕੀਮ ਬਣਾਈ ਗਈ ਹੈ।
ਇਸ ਸਕੀਮ ਨਾਲ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਨਹੀਂ ਹੁੰਦੀ ਬਲਕਿ ਉਸ ਦੇ ਪੈਸੇ ਰੱਖ ਕੇ ਉਸ ਦੀ ਜਮ੍ਹਾਂ ਰਕਮ ’ਤੇ ਹੀ ਵਿਆਜ ਨੂੰ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇਗਾ। ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਸਕੀਮ ਬਹੁਤ ਹੀ ਵਧੀਆ ਹੈ ਤਾਂ ਵਿਧਾਇਕ ਅਤੇ ਸੰਸਦ ਮੈਂਬਰ ਇਸ ਨੂੰ ਆਪਣੇ ’ਤੇ ਕਿਉਂ ਨਹੀਂ ਲਾਗੂ ਕਰ ਰਹੇ। ਇਹ ਸਿਰਫ ਸਰਕਾਰੀ ਕਰਮਚਾਰੀਆਂ ਉੱਤੇ ਹੀ ਥੋਪਣੀ ਬੇਇਨਸਾਫ਼ੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਬਦਲ ਹੋਰ ਕੋਈ ਵੀ ਪੈਨਸ਼ਨ ਪ੍ਰਣਾਲੀ ਨਹੀਂ ਬਣ ਸਕਦੀ ਅਤੇ ਨਾ ਹੀ ਹੋਰ ਪੈਨਸ਼ਨ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ।