ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਵੀਂ ਧਰਤੀ, ਨਵੇਂ ਸਿਆੜ

04:19 AM Apr 04, 2025 IST
ਰਣਜੀਤ ਲਹਿਰਾ
Advertisement

ਲਹਿਰਾਗਾਗਾ ਨੇੜਲਾ ਪਿੰਡ ਬਖੋਰਾ ਕਲਾਂ ਆਪਣੀ ਬੁੱਕਲ ਵਿੱਚ ਅਜਿਹਾ ਇਤਿਹਾਸ ਛੁਪਾਈ ਬੈਠਾ ਹੈ ਜਿਸ ਦੇ ‘ਸੁਨਹਿਰੀ ਹਰਫ਼' ਪਿੰਡ ਦੇ ਮੁਜ਼ਾਰਿਆਂ ਨੇ ਹੀ ਨਹੀਂ, ਉਨ੍ਹਾਂ ਦੀਆਂ ਤ੍ਰੀਮਤਾਂ ਨੇ ਵੀ ‘ਬਲਦੇ ਹੱਥਾਂ ਨਾਲ’ ਲਿਖੇ ਸਨ। ਉਨ੍ਹਾਂ ਇੱਕ ਵਾਰ ਨਹੀਂ, ਵਾਰ-ਵਾਰ ਡਾਢਿਆਂ ਨਾਲ ਮੱਥਾ ਲਾਇਆ। ਇਨ੍ਹਾਂ ਜੁਝਾਰੂ ਔਰਤਾਂ ਵਿੱਚੋਂ ਆਖ਼ਿਰੀ ਵੀਰਾਂਗਣਾ ਗੁਰਦੇਵ ਕੌਰ ਸੀ ਜੋ ਹੁਣ ‘ਹੈ’ ਤੋਂ ‘ਸੀ’ ਹੋ ਗਈ ਹੈ (ਉਹਦਾ ਪਤੀ ਆਤਮਾ ਸਿੰਘ ਮੁਜ਼ਾਰਾ ਲਹਿਰ ਦਾ ਗੁਰੀਲਾ ਸੀ)। ਕੁਝ ਸਮਾਂ ਪਹਿਲਾਂ ਮੈਂ ਨਾਮਦੇਵ ਭੁਟਾਲ ਤੇ ਲਛਮਣ ਅਲੀਸ਼ੇਰ ਨਾਲ ਮਾਤਾ ਜੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਦਰਸ਼ਨਾਂ ਨੇ ਹੀ ਮੈਨੂੰ ਉਸ ਇਤਿਹਾਸ ਦੇ ਕੁਝ ਪੰਨੇ ਫਰੋਲਣ ਲਈ ਪ੍ਰੇਰਿਆ ਸੀ।

ਇਤਿਹਾਸ ਦੱਸਦਾ ਹੈ ਕਿ 1870-80 ਦੇ ਕੱਚੇ ਅਤੇ 1902-04 ਦੇ ਪੱਕੇ ਜ਼ਮੀਨੀ ਬੰਦੋਬਸਤ ਦੌਰਾਨ ਪਟਿਆਲਾ ਸਮੇਤ ਪੰਜਾਬ ਦੀਆਂ ਹੋਰ ਰਿਆਸਤਾਂ ਦੇ ਰਜਵਾੜਿਆਂ ਨੇ ਧੋਖੇ ਤੇ ਧੱਕੇ ਨਾਲ ਆਪਣੀਆਂ ਰਿਆਸਤਾਂ ਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਦੀ ਲੱਖਾਂ ਏਕੜ ਜ਼ਮੀਨ ਆਪਣੇ ਕੁੜਮ-ਕਬੀਲੇ ਅਤੇ ਦਰਬਾਰੀ ਅਹਿਲਕਾਰਾਂ ਦੇ ਨਾਂ ਕਰ ਕੇ ਲੱਖਾਂ ਕਿਸਾਨਾਂ ਨੂੂੰ ਰਾਤੋ-ਰਾਤ ਮੁਜ਼ਾਰੇ ਬਣਾ ਦਿੱਤਾ ਸੀ। ਫਿਰ ਜ਼ਮੀਨਾਂ ਤੋਂ ਹੱਥਲ ਕੀਤੇ ਇਹ ਮੁਜ਼ਾਰੇ ਕਿਸਾਨ ਦਰਖ਼ਾਸਤਾਂ ਦਿੰਦੇ ਤੇ ਆਪਣੇ ਮਾਲਕੀ ਹੱਕਾਂ ਦੇ ਕਾਗਜ਼ਾਤ ਸਰਕਾਰੇ-ਦਰਬਾਰੇ ਅਤੇ ਕੋਰਟ-ਕਚਹਿਰੀਆਂ ਵਿੱਚ ਪੇਸ਼ ਕਰਦੇ ਰਾਹਾਂ ਦੀ ਧੂੜ ਬਣ ਕੇ ਰਹਿ ਗਏ। ਉਨ੍ਹਾਂ ਦੇ ਦਿਲਾਂ ਦੀ ਹੂਕ ਸੁਣਨ ਵਾਲਾ ਕੋਈ ਨਹੀਂ ਸੀ। ਬਿਸਵੇਦਾਰ ਨਾ ਸਿਰਫ਼ ਵਟਾਈ ਲੈਂਦੇ ਸਗੋਂ ਵਗਾਰਾਂ ਵੀ ਲੈਂਦੇ ਅਤੇ ਜ਼ੁਲਮ ਵੀ ਢਾਹੁੰਦੇ।

Advertisement

ਜਿਉਂ-ਜਿਉਂ ਇਨਸਾਫ਼ ਦੀ ਆਸ ਮੁੱਕਦੀ ਗਈ, ਤਿਉਂ-ਤਿਉਂ ਮੁਜ਼ਾਰੇ ਡਾਂਗਾਂ, ਸੋਟਿਆਂ ’ਤੇ ਟੇਕ ਰੱਖਦੇ ਗਏ। ਪਹਿਲਾਂ ’ਕੱਲੇ-’ਕੱਲੇ ਤੇ ਫਿਰ ’ਕੱਠੇ ਹੋ ਕੇ ਉਹ ਟੱਕਰ ਲੈਣ ਲੱਗੇ। ਜਦੋਂ ਦੇਸ਼ ਆਜ਼ਾਦੀ ਲਈ ਲੜ ਰਿਹਾ ਸੀ, ਉਦੋਂ ਰਿਆਸਤਾਂ ਦੀ ਰਿਆਇਆ ਪਰਜਾ ਦੇ ਅਧਿਕਾਰਾਂ ਅਤੇ ਮੁਜ਼ਾਰੇ ਕਿਸਾਨ ‘ਜ਼ਮੀਨ ਹਲ ਵਾਹਕ ਦੀ’ ਲਈ ਲੜ/ਮਰ ਰਹੇ ਸਨ। ਆਜ਼ਾਦੀ ਤੋਂ ਬਾਅਦ ਜੁਲਾਈ 1948 ਵਿੱਚ ਪੰਜਾਬ ਦੀਆਂ 8 ਰਿਆਸਤਾਂ ਨੂੰ ਮਿਲਾ ਕੇ ਪੈਪਸੂ ਨਾਂ ਦਾ ਸੂਬਾ ਬਣਿਆ ਤਾਂ ਮੁਜ਼ਾਰਾ ਘੋਲ ਪੈਪਸੂ ਦਾ ਮੁਜ਼ਾਰਾ ਘੋਲ ਬਣ ਗਿਆ। ਮੁਜ਼ਾਰਾ ਵਾਰ ਕੌਂਸਲ ਦੀ ਅਗਵਾਈ ਨੇ ਮੁਜ਼ਾਰਾ ਲਹਿਰ ਨੂੰ ਇਤਿਹਾਸਕ ਬਣਾ ਦਿੱਤਾ। ਪਿੰਡਾਂ ਦੀ ਫਿਜ਼ਾ ਵਿੱਚ ‘ਤੇਰੀ ਜਾਊਗੀ ਗਰੀਬੀ ਸ਼ੇਰਾ, ਰਾਜਿਆਂ ਦੇ ਰਾਜ ਜਾਣਗੇ’, ‘ਉੱਠ ਕਰ ਲੈ ਜ਼ਮੀਨ ਉੱਤੇ ਕਬਜ਼ਾ, ਬਿਸਵੇਦਾਰ ਭੱਜ ਜਾਣਗੇ’, ‘ਜ਼ਮੀਨ ਰੱਖਣ ਦਾ ਇੱਕ ਤਰੱਦਦ, ਇੱਕ ਦੂਜੇ ਦੀ ਪੂਰੀ ਮਦਦ’ ਵਰਗੇ ਗੀਤ ਤੇ ਨਾਅਰੇ ਗੂੰਜਣ ਲੱਗੇ। ਪਿੰਡ-ਪਿੰਡ ਜਥੇਬੰਦੀ ਬਣਾਈ। ਬਿਸਵੇਦਾਰਾਂ ਦੇ ਹਮਲਿਆਂ ਦਾ ਮੂੰਹ-ਤੋੜ ਜਵਾਬ ਦੇਣ ਲਈ ਗੁਰੀਲਾ ਦਸਤੇ ਕਾਇਮ ਕੀਤੇ। ਮੁਜ਼ਾਰੇ ਕਿਸਾਨਾਂ ਦੀ ਆਧੁਨਿਕ ਤੇ ਰਵਾਇਤੀ ਹਥਿਆਰਾਂ ਨਾਲ ਲੈਸ ਫ਼ੌਜ ਬਿਸਵੇਦਾਰਾਂ ਨੂੰ ਪਦੀੜਾਂ ਪਾਉਣ ਲੱਗੀ। ਰੋਜ਼ ਟੱਕਰਾਂ ਹੁੰਦੀਆਂ, ਠੂਹ-ਠਾਹ ਹੁੰਦੀ। ਖੇਤਾਂ ਵਿੱਚ ਹੁਣ ਫਸਲਾਂ ਹੀ ਨਹੀਂ, ਸੂਰਮੇ ਉੱਗਣ ਲੱਗੇ ਸਨ।

ਇਹੋ ਸਮਾਂ ਸੀ ਜਦੋਂ ਬਖੋਰਾ ਕਲਾਂ ਦੇ ਮੁਜ਼ਾਰਿਆਂ ਨੇ ਬਿਸਵੇਦਾਰਾਂ ਨੂੰ ਵਟਾਈ ਦੇਣ ਤੋਂ ਸਿਰ ਮਾਰ ਦਿੱਤਾ। ਉਨ੍ਹਾਂ ਆਪਣੇ ਪਿੰਡੇ ਨੂੰ ਚਿੰਬੜੀ ਰੇਤਗੜ੍ਹੀਏ ਬਿਸਵੇਦਾਰਾਂ ਦੀ ਖੂਨ ਪੀਣੀ ਜੋਕ ਲਾਹੁਣ ਦਾ ਤਹੱਈਆ ਕਰ ਲਿਆ। ਨਾਨਕ ਸਿੰਘ ਨਾ ਸਿਰਫ਼ ਖੁਦ ਬਿਸਵੇਦਾਰ ਸੀ ਸਗੋਂ ਜਿ਼ਮੀਂਦਾਰਾ ਸਭਾ ਬਣਾ ਕੇ ਉਹਦਾ ਆਪੂੰ ਬਣਿਆ ਸਕੱਤਰ ਵੀ ਸੀ। ਉਹਨੇ ਲੱਠਮਾਰਾਂ ਦੀ ਫੌਜ ਤਾਂ ਰੱਖੀ ਹੀ ਸੀ, ਪਿੰਡ ਵਿੱਚ ਪੁਲੀਸ ਚੌਕੀ ਵੀ ਬਿਠਾ ਲਈ ਸੀ।

ਮੁਜ਼ਾਰਿਆਂ ਨੇ ਬਖੋਰਾ ਕਲਾਂ ਵਿੱਚ ਜ਼ਮੀਨ ’ਤੇ ਕਬਜ਼ਾ ਕਰ ਕੇ ਜ਼ਮੀਨ ਮੁਜ਼ਾਰਿਆਂ ਵਿੱਚ ਵੰਡੀ ਦਿੱਤੀ ਤੇ ਖੁਦ ਕਾਸ਼ਤ ਸ਼ੁਰੂ ਕਰ ਦਿੱਤੀ। ਜਦੋਂ ਸਾਉਣੀ ਦੀ ਫ਼ਸਲ ਆਈ ਤਾਂ ਬਿਸਵੇਦਾਰ ਨਾਨਕ ਸਿੰਘ ਨੇ ਸੌ-ਡੇਢ ਸੌ ਬੁਰਛਾਗਰਦ ਅਤੇ ਸੈਂਕੜੇ ਪੁਲਸੀਏ ਲੈ ਕੇ ਫਸਲ ’ਤੇ ਕਬਜ਼ਾ ਕਰਨਾ ਚਾਹਿਆ। ਪੁਲੀਸ ਨੇ ਦਰਜਨਾਂ ਮੁਜ਼ਾਰੇ ਗ੍ਰਿਫਤਾਰ ਕਰ ਲਏ। ਇਹ ਦੇਖ ਕੇ ਪਿੰਡ ਦੀਆਂ ਔਰਤਾਂ ਨੇ ਚੰਡੀ ਦਾ ਰੂਪ ਧਾਰਦਿਆਂ ਸੰਗਰੂਰ ਨੂੰ ਜਾਂਦਾ ਰਾਹ ਘੇਰ ਲਿਆ। ਨੇੜਲੇ ਪਿੰਡਾਂ ਤੋਂ ਨਾਅਰੇ ਲਾਉਂਦੇ, ਢੋਲ ਵਜਾਉਂਦੇ ਮੁਜ਼ਾਰਿਆਂ ਦੇ ਜਥੇ ਪਹੁੰਚਣ ਲੱਗ ਪਏ ਤੇ ਸਿੱਧੇ ਖੇਤਾਂ ਵਿੱਚ ਜਾ ਕੇ ਕਪਾਹ ਚੁਗਣ ਲੱਗੇ... ਬੁਰਛਾਗਰਦ ਭੱਜ ਉੱਠੇ ਅਤੇ ਬਿਸਵੇਦਾਰ ਨਾਨਕ ਸਿੰਘ ਹੱਥ ਮਲ਼ਦਾ ਰਹਿ ਗਿਆ। ਇਸੇ ਦੌਰਾਨ ਇੱਕ ਦਿਨ ਬੱਲਰਾਂ ਪਿੰਡ ਵਾਲੇ ਪਾਸੇ ਡੇਢ ਨਾਲ਼ ਵਾਲੇ ਸੂਏ ’ਤੇ ਦੋ ਗੁਰੀਲਿਆਂ ਦਾ ਪੁਲੀਸ ਨਾਲ ਮੁਕਾਬਲਾ ਹੋ ਗਿਆ। ਦੋਵੇਂ ਜਣੇ ਇੱਕ ਬੰਦੂਕ ਨਾਲ ਤਿੰਨ ਘੰਟੇ ਮੁਕਾਬਲਾ ਕਰਦੇ ਰਹੇ ਤੇ ਪੁਲੀਸ ਦੇ ਰਸਾਲੇ ਦਾ ਮੂੰਹ ਮੋੜ ਦਿੱਤਾ। ਉਸੇ ਰਾਤ ਗੁਰੀਲਾ ਦਸਤੇ ਨੇ ਬਿਸਵੇਦਾਰਾਂ ਦੇ ਘੋੜਿਆਂ ਦੇ ਤਬੇਲੇ ’ਤੇ ਬੰਬ ਵੀ ਸੁੱਟੇ। ਬਖੋਰੇ ਦੇ ਉਜਾਗਰ ਸਿੰਘ ਕਿਰਤੀ, ਮਿਸਤਰੀ ਆਤਮਾ ਸਿੰਘ, ਦਰਬਾਰਾ ਸਿੰਘ, ਚੰਦ ਸਿੰਘ, ਅਰਜਨ ਢਿੱਲੋਂ ਆਦਿ ਨੌਜਵਾਨ ਗੁਰੀਲੇ ਅਤੇ ਆਗੂ ਸਿਰ ’ਤੇ ਕਫਨ ਬੰਨ੍ਹ ਕੇ ਲੜੇ।

ਇੱਕ ਦਿਨ ਗੁਰੀਲੇ ਕਾਮਰੇਡਾਂ ਨੇ ਬਿਸਵੇਦਾਰ ਦੇ ਬੁਰਛਿਆਂ ਤੋਂ ਸਰੋਂ ਸੁਟਵਾ ਕੇ ਕਿਸਾਨਾਂ ਵਿੱਚ ਵੰਡ ਦਿੱਤੀ। ਪੁਲੀਸ ਤਲਾਸ਼ੀ ਲੈਣ ਲੱਗੀ। ਇੱਕ ਘਰ ਦੀ ਟਾਂਡ (ਪੜਛੱਤੀ) ’ਤੇ ਸਰੋਂ ਮਿਲ ਗਈ। ਪਿੰਡ ਦੀਆਂ ਔਰਤਾਂ ’ਕੱਠੀਆਂ ਹੋ ਗਈਆਂ। ਪੁਲੀਸ ਵਾਲੇ ਟਾਂਡ ਤੋਂ ਸਰੋਂ ਦਾ ਗੱਟਾ ਹੇਠਾਂ ਸੁੱਟਿਆ ਕਰਨ, ਔਰਤਾਂ ਮੁੜ ਟਾਂਡ ’ਤੇ ਸੁੱਟ ਦਿਆ ਕਰਨ। ਇਹ ਕਸ਼ਮਕਸ਼ ਪੁਲੀਸ ਤੇ ਔਰਤਾਂ ਵਿਚਾਲੇ ਟੱਕਰ ਦਾ ਰੂਪ ਲੈ ਗਈ। ਔਰਤਾਂ ਦੇ ਡੰਡਾ ਸੋਟਾ ਜੋ ਵੀ ਹੱਥ ਆਇਆ, ਹਥਿਆਰ ਬਣ ਗਿਆ। ਧੰਨੋ ਨਾਂ ਦੀ ਔਰਤ ਦੇ ਹੱਥ ਜਦੋਂ ਕੁਝ ਨਾ ਆਇਆ ਤਾਂ ਉਹਨੇ ਕੁੱਛੜ ਚੁੱਕੀ ਆਪਣੀ ਨਿੱਕੀ ਬਾਲੜੀ ਹੀ ਤੀਰ ਵਾਂਗ ਪੁਲਸੀਏ ਦੀ ਹਿੱਕ ਵਿੱਚ ਵਗਾਹ ਮਾਰੀ।

ਇਨ੍ਹਾਂ ਖਾੜਕੂ ਕਾਰਵਾਈਆਂ ਤੋਂ ਬਾਅਦ ਪੁਲੀਸ ਨੇ ਪਿੰਡ ਦੀਆਂ ਮੁਜ਼ਾਰਾ ਔਰਤਾਂ ਨੂੰ ਬਾਗ਼ੀਆਂ ਨੂੰ ਰੋਟੀ-ਟੁੱਕ ਅਤੇ ਪਨਾਹ ਦੇਣ ਦਾ ਦੋਸ਼ ਲਾ ਕੇ ਫੜ ਲਿਆ। ਤਿੰਨ ਔਰਤਾਂ ਨੂੰ ਜੇਲ੍ਹ ’ਚ ਡੱਕ ਦਿੱਤਾ। ਇਨ੍ਹਾਂ ਵਿੱਚੋਂ ਇੱਕ ਸੀ ਮਾਤਾ ਗੁਰਦੇਵ ਕੌਰ। ਦੂਜੀਆਂ ਦੋ ਸਨ: ਸੁਰਜੀਤ ਕੌਰ ਪਤਨੀ ਚੰਦ ਸਿੰਘ ਤੇ ਚੰਦ ਕੌਰ ਪਤਨੀ ਉਦੈ ਸਿੰਘ ਢਿੱਲੋਂ। ਇਹ ਤਿੰਨੇ ਡੇਢ ਮਹੀਨਾ ਨਾਭਾ ਅਤੇ ਸੁਨਾਮ ਜੇਲ੍ਹ ਵਿੱਚ ਬੰਦ ਰਹੀਆਂ।

ਅੰਤ ਮੁਜ਼ਾਰਿਆਂ ਦੇ ਹੱਕਾਂ ਦੀ ਇਹ ਜੰਗ ਜੇਤੂ ਹੋ ਕੇ ਨਿਕਲੀ। ਇਹਨੇ ਹਕੂਮਤ ਦੇ ਕੰਘਾ-ਕਰੂ ਅਪਰੇਸ਼ਨਾਂ ਸਮੇਤ ‘ਸਾਰਾ ਜਾਂਦਾ ਦੇਖ ਕੇ, ਅੱਧਾ ਲਈਏ ਬਚਾ’ ਵਾਲੇ ਸਾਰੇ ਸ਼ਾਹੀ ਫਰਮਾਨ ਮਿੱਟੀ ਵਿੱਚ ਮਿਲਾ ਦਿੱਤੇ। 29 ਮਈ 1952 ਨੂੰ ਮਾਨਸਾ ਵਿੱਚ ਮੁਜ਼ਾਰਾ ਕਾਨਫਰੰਸ ਵਿੱਚ ਸਰਕਾਰ ਦੇ ਦੋ ਮੰਤਰੀਆਂ ਤੇ ਡੀਸੀ (ਬਠਿੰਡਾ) ਦੀ ਹਾਜ਼ਰੀ ’ਚ 24 ਪਿੰਡਾਂ ਦੇ ਬਿਸਵੇਦਾਰਾਂ ਨੇ ‘ਆਪਣੀਆਂ ਜ਼ਮੀਨਾਂ’ ਮੁਜ਼ਾਰਿਆਂ ਨੂੰ ਸੌਂਪਣ ਦਾ ਐਲਾਨ ਕੀਤਾ। ਇੰਝ ਸੈਂਕੜੇ ਪਿੰਡਾਂ ਦੇ ਮੁਜ਼ਾਰੇ ਆਪਣੀਆਂ ਜ਼ਮੀਨਾਂ ਦੇ ਮਾਲਕ ਬਣੇ; ਭਾਵੇਂ ਬਹੁਤ ਸਾਰੀਆਂ ਜ਼ਮੀਨਾਂ ਅੱਜ ਵੀ ਉਨ੍ਹਾਂ ਦੇ ਨਾਂ ਨਹੀਂ।

ਇਸ ਇਤਿਹਾਸਕ ਜਿੱਤ ਤੋਂ ਬਾਅਦ ਬਖੋਰਾ ਕਲਾਂ ਦੇ ਮਾਲਕ ਬਣੇ ਕਿਸਾਨਾਂ ਨੇ ‘ਨਵੀਂ ਧਰਤੀ ’ਤੇ ਨਵੇਂ ਸਿਆੜ’ ਕੱਢਣੇ ਸ਼ੁਰੂ ਕੀਤੇ। ਮੁਜ਼ਾਰਾ ਵਾਰ ਕੌਂਸਲ ਨੇ ਸੱਚ ਹੀ ਕਿਹਾ ਸੀ: ਤੇਰੀ ਜਾਊਗੀ ਗਰੀਬੀ ਸ਼ੇਰਾ, ਰਾਜਿਆਂ ਦੇ ਰਾਜ ਜਾਣਗੇ! ਪਰ ਇਹ ਸਭ ਐਵੇਂ ਨਹੀਂ ਸੀ ਹੋਇਆ, ਮਾਤਾ ਗੁਰਦੇਵ ਕੌਰ ਵਰਗੀਆਂ ਵੀਰਾਂਗਣਾਂ ਦੇ ਆਪਣੇ ਪਤੀਆਂ ਅਤੇ ਪੁੱਤਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਲੜਨ ਨਾਲ ਹੋਇਆ ਸੀ।

ਸੰਪਰਕ: 94175-88616

Advertisement