ਕੱਪੜਿਆਂ ਨਾਲ ਗੱਲਾਂ
ਅੱਜ ਟੀ-ਸ਼ਰਟ ਤੇ ਨਿੱਕਰ ਪਹਿਨੀ ਘਰ ਮੌਜ ’ਚ ਹਾਂ। ਇੱਥੇ ਘੱਟ ਕੱਪੜੇ ਪਹਿਨਣ ਦਾ ਮਤਲਬ ਹੀ ਹੋਰ ਬਣ ਗਿਆ। ਸੋਚਿਆ ਕੱਪੜਿਆਂ ਬਾਰੇ ਹੀ ਲਿਖਿਆ ਜਾਵੇ; ਪਹਿਰਨ ਜੋ ਸਮੇਂ-ਸਮੇਂ ਜ਼ਿੰਦਗੀ ’ਚ ਪਹਿਨਾਏ, ਪਹਿਨੇ ਗਏੇ। ਸਾਰਿਆਂ ਤੋਂ ਪਹਿਲਾਂ ਕੱਪੜੇ ਜਿਹੜੇ ਮੈਂ ਪਹਿਨੇ ਚੇਤੇ ਨੇ, ਉਹ ਅੱਧੀਆਂ ਬਾਹਾਂ ਵਾਲੀ ਟੀ-ਸ਼ਰਟ ਤੇ ਥੱਲਿਓਂ ਕੱਟ ਵਾਲੀ ਨਿੱਕਰ ਸੀ। ਉਸ ਤੋਂ ਬਾਅਦ ਸਕੂਲ ਦੀ ਵਰਦੀ; ਨੀਲੀ ਸ਼ਰਟ ਤੇ ਪੈਂਟ/ਨਿੱਕਰ।
ਸਕੂਲ ਪੜ੍ਹਦੇ ਸਮੇਂ ਕੱਪੜਿਆਂ ਦਾ ਮੇਚ ਦੇਣਾ ਸਭ ਤੋਂ ਵੱਧ ਭਾਉਂਦਾ। ਦੁਕਾਨ ਤੋਂ ਲੋਹੇ ਦੇ ਗਜ਼ ਨਾਲ ਮਿਣਿਆ ਕੱਪੜਾ, ਦਰਜ਼ੀ ਕੋਲ ਆ ਨਰਮ ‘ਫੀਤੇ’ ਵਿਚ ਬਦਲ ਜਾਂਦਾ ਸੀ। ਅਜਿਹੀ ਅਪਣੱਤ, ਨੇੜਤਾ ਦਾ ਅਹਿਸਾਸ ਹੁਣ ਵੀ ਹੁੰਦਾ।
ਫਿਰ ਕਦੇ ਪਹਿਰਨ ਮਾਪ ਅਨੁਸਾਰ ਨਾ ਹੋ ਕੇ ਖੁੱਲ੍ਹਾ ਸਿਉਂਤਾ ਜਾਂਦਾ ਤਾਂ ਮਾਂ ਉਲਾਂਭੇ ਦਿੰਦੀ। ਦਰਜ਼ੀ ਦਾ ਜਵਾਬ ਹੁੰਦਾ: ਚੱਲ ਭਾਈ, ਜੁਆਕ ਨੇ ਤਾਂ ਸੁਖ ਨਾਲ਼ ਵੱਡਾ ਹੋਣਾ ਹੀ ਹੈ, ਅੱਗੇ ਵੀ ਆ ਜਾਊਗਾ। ਇਸ ਗੱਲ ਤੋਂ ਚਿਰਾਂ ਬਾਅਦ ਨਜ਼ਮ ਲਿਖੀ, ਦਰਜ਼ੀ ਦੀ ਥਾਂ ਮਾਂ ਨੇ ਲੈ ਲਈ। ਕਲਪਨਾ ਸਿਰਜਣਾ ਵਿਚ ਕਿਸ ਤਰ੍ਹਾਂ ਬਦਲਦੀ ਹੈ, ਇਸ ਦੀ ਉਦਾਹਰਨ ਇਹ ਵੀ ਹੈ: ‘ਬਚਪਨ ਵਿਚ ਬਸ ਏਨੀ ਕੁ ਖੁੱਲ੍ਹ/ਅਮੀਰੀ ਸੀ, ਮਾਂ ਖੁੱਲ੍ਹਾ ਜਿਹਾ ਝੱਗਾ ਲੈ ਦਿੰਦੀ ਕਹਿੰਦੀ, ਚੱਲ ਅਗਲੇ ਸਾਲ ਆ ਜਾਊ।’
ਉਸ ਸਮੇਂ ਦੀ ਕੱਪੜਿਆਂ ਦੀ ਗੁਣਵੱਤਾ, ਦੋਸਤਾਂ ਤੇ ਪਿਆਰਿਆਂ ਦੇ ਨਾਂ ਵਾਂਗ ਯਾਦ ਹੈ; ਟੈਰੀਕਾਟ, ਰੁਬੀਆ, ਬੋਸਕੀ, ਖੱਦਰ ਆਦਿ।
ਹਰ ਪੀੜ੍ਹੀ ਕੋਲ ਆਪਣੇ ਨਵੇਂ ਰਸਤੇ ਨੇ। ਹੁਣ ਕਿੰਨਾ ਕੁਝ ਆ ਚੁੱਕਾ ਹੈ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਾਡੀ ਪੀੜ੍ਹੀ ਨੇ ਵੀ ਪੂਰੀ ਪੈਂਟ ਜਾਂ ਨਿੱਕਰ ਦਾ ਵਿਚਕਾਰਲਾ ਰਾਹ ਕੱਢ ਲਿਆ ਸੀ, ਉਹ ਸੀ ‘ਕੈਪਰੀ’। ਅਸੀਂ ਇਸ ਨੂੰ ਪਹਿਨ ਕੇ ਆਪਣੇ ਆਪ ਨੂੰ ਵੱਖਰਾ ਸਮਝਣਾ।
ਬਚਪਨ ਤੋਂ ਹੀ ਕੱਪੜਿਆਂ ਦਾ ਇਕ ਹੋਰ ਪ੍ਰਯੋਗ ਵੀ ਦੇਖਿਆ। ਉਨ੍ਹਾਂ ਨੂੰ ਕਿਸੇ ਦੁਆਰਾ ਪਹਿਨਿਆ ਨਾ ਜਾਂਦਾ ਪਰ ਉਨ੍ਹਾਂ ਦਾ ਨਾਲ਼ ਘੁੰਮਣਾ ਜ਼ਰੂਰ ਹੁੰਦਾ ਸੀ; ਉਹ ਸਨ 'ਲੈਣ-ਦੇਣ' ਵਾਲੇ ਕੱਪੜੇ। ਮਾਂ ਤੇ ਉਸ ਤੋਂ ਬਾਅਦ ਪਤਨੀ ਵਿਆਹ-ਸ਼ਾਦੀਆਂ ਵੇਲੇ ਕੱਪੜੇ 'ਨਾਲ ਲਾਉਂਦੇ'; ਉਹ ਜ਼ਿਆਦਾਤਰ ਇਸ ਤਰ੍ਹਾਂ ਹੀ ਅਗਾਂਹ ਤੁਰੇ ਫਿਰਦੇ। ਉਹ ਘੱਟ ਹੀ ਪਹਿਨੇ ਜਾਂਦੇ।
ਲੰਮੇ ਸਮੇਂ ਦੇ ਅਨੁਭਵ ’ਚੋਂ ਇਕ ਹੋਰ ਦਿਲਚਸਪ ਗੱਲ ਵੀ ਸਾਹਮਣੇ ਆਈ। ਸਾਨੂੰ ਹਰ ਚੀਜ਼-ਵਸਤ ਦਾ ਜ਼ਿਆਦਾਤਰ ਪਤਾ ਹੁੰਦਾ ਕਿ ਕਿਹੜੀ ਚੀਜ਼ ਦਾ ਮੁੱਲ ਕੀ ਹੈ। ਕੱਪੜਾ ਸਾਨੂੰ ਢਕਦਾ ਹੈ ਤਾਂ ਇਸ ਵਿਚ ਵੀ 'ਲੁਕੋਅ' ਬਹੁਤ ਹੈ। ਖ਼ਰੀਦ ਵੇਚ ਵਿਚ ਬਹੁਤ ਫਰਕ ਹੁੰਦਾ।
ਪੁਰਾਤਨ ਸਮਿਆਂ ਵਿਚ ਕਾਗਜ਼ ਦੀ ਖੋਜ ਨਹੀਂ ਸੀ ਹੋਈ। ਸੰਦੇਸ਼ ਵਗੈਰਾ ਕੱਪੜੇ ’ਤੇ ਹੀ ਲਿਖ ਕੇ ਦਿੱਤੇ ਜਾਂਦੇ ਸਨ। ਧਿਆਨ ਨਾਲ਼ ਦੇਖੀਏ ਤਾਂ ਅਜੇ ਵੀ ਤੁਹਾਡੀ ਸਾਦਗੀ, ਸਿਆਣਪ ਅਦਿ ਬਾਰੇ ਤਾਂ ਕੱਪੜਿਆਂ ਤੋਂ ਵੀ ਪੜ੍ਹਿਆ ਜਾ ਸਕਦਾ।
ਕੱਪੜੇ ਵੀ ਤਾਂ ਬੰਦੇ ਵਾਂਗੂ ਹੀ ਹੁੰਦੇ ਨੇ, ਉਸ ਦੇ ਗਲ਼ੇ, ਲੱਤਾਂ, ਬਾਹਾਂ ਸਮੇਤ। ਵੱਡੇ ਵੀ ਬੱਚਿਆਂ ਦੇ ਨੈਣ-ਨਕਸ਼ਾਂ ਨਾਲ ਦੁਨੀਆ ਵਿਚ ਦੁਬਾਰਾ ਆਉਂਦੇ ਨੇ। ਇਸੇ ਤਰ੍ਹਾਂ ਪੁਰਾਣੇ ਕੱਪੜਿਆਂ ਦੇ ਨਕਸ਼ ਵੀ ਕਿੱਧਰੇ ਨਹੀਂ ਜਾਂਦੇ, ਪਰਤ ਆਉਂਦੇ ਹਨ; ਜਿਵੇਂ ਫਰਾਕ ਜਾਂ ਫਰਾਕ-ਸੂਟ, ਘੱਗਰੇ ਦੇ ਰੂਪ ਵਿਚ ਪਰਤ ਆਏ ਹਨ। ਪਹਿਲਾਂ ਲੋਕ ਇੱਕੋ ਥਾਨ ’ਚੋਂ ਅੱਧੇ ਘਰ ਦੇ ਕੱਪੜੇ ਸੁਆ ਲੈਂਦੇ, ਹੁਣ ਵੀ ਵਿਆਹਾਂ ’ਚ ਆਮ ਦੇਖਣ ਨੂੰ ਮਿਲਦਾ ਕਿ ਇੱਕੋ ਪਰਿਵਾਰ, ਰਿਸ਼ਤੇਦਾਰ ਦੇ ਇੱਕੋ ਜਿਹੇ (ਰੰਗ, ਡਿਜ਼ਾਇਨ ਦੇ) ਕੱਪੜੇ ਪਾਏ ਹੁੰਦੇ।
ਕਮੀਜ਼ ਦੀਆਂ ਬਾਹਾਂ ਚੜ੍ਹਾਉਣੀਆਂ ਕਿਸੇ ਮੌਕੇ, ਕਿਸੇ ਨਾਲ਼ ਲੜਨ-ਭਿੜਨ ਦਾ ਸੂਚਕ ਲੱਗਦਾ ਸੀ। ਹੁਣ ਬੜੇ ਸਲੀਕੇ ਨਾਲ਼ ਬਾਹਾਂ ਚੜ੍ਹਾ, ਕਫ ਸੈੱਟ ਕਰ ਅੱਧੀਆਂ ਜਿਹੀਆਂ ਬਾਹਾਂ ਬਣਾ ਲਈਆਂ ਜਾਂਦੀਆਂ। ਸ਼ਾਇਦ ਲੜਨ ਦੇ ਤਰੀਕਿਆਂ ਦੇ ਬਦਲਾਓ ਦੇ ਇਸ਼ਾਰੇ ਹੋਣ ਇਹ।
ਖੇਡਣਾ ਬੰਦ ਹੋਣ ਕਾਰਨ ਓਸ ਤਰ੍ਹਾਂ ਦੀ ਜਰਸੀ, ਨਿੱਕਰ ਪਹਿਣਨੀ ਛੁੱਟ ਗਈ। ਟਰੈਕ-ਸੂਟ ਤਾਂ ਪਹਿਨ ਹੀ ਸਕਦਾਂ!
ਪਾਬਲੋ ਨੇਰੂਦਾ ਦੀ ਨਜ਼ਮ ਯਾਦ ਆਉਂਦੀ ਹੈ: ‘ਆਪਣੇ ਸੂਟ ਨਾਲ਼ ਗੱਲ’। ਸਵੇਰ ਹੁੰਦੀ ਤਾਂ ਕੁਰਸੀ ’ਤੇ ਪਿਆ/ਉਡੀਕਦਾ ਹੁੰਨਾਂ ਏਂ ਮੈਨੂੰ ਤੂੰ/ਤਾਂ ਜੋ ਆਪਣੇ ਪਿਆਰ, ਆਪਣੀਆਂ ਉਮੰਗਾਂ/ਤੇ ਆਪਣੇ ਸਰੀਰ ਨਾਲ ਭਰ ਸਕਾਂ ਮੈਂ ਤੈਨੂੰ/ਅੱਧ ਜਾਗਦਾ ਹੀ ਗੁਸਲਖਾਨੇ ’ਚੋਂ ਨਿਕਲਦਾ ਮੈਂ/ਤਾਂ ਜੋ ਤੇਰੀਆਂ ਨਿੱਘੀਆਂ ਬਾਹਵਾਂ ’ਚ ਸਿਮਟ ਸਕਾਂ/ਮੇਰੀਆਂ ਲੱਤਾਂ ਤੇਰੀਆਂ ਲੱਤਾਂ ਦਾ ਖ਼ਾਲੀਪਨ ਭਾਲਦੀਆਂ/ਤੇ ਤੇਰੇ ਨਾਲ ਸਜਿਆ ਮੈਂ ਸੈਰ ਕਰਨ ਜਾਨਾਂ/ਫੇਰ ਲਿਖਣ ਲਗਦਾ ਹਾਂ ਮਿੱਠੀਆਂ ਕਵਿਤਾਵਾਂ। ਆਪਣੀ ਖਿੜਕੀ ’ਚੋਂ ਮੈਂ ਦੇਖਦਾਂ/ਮਨੁੱਖ, ਔਰਤਾਂ, ਘਟਨਾਵਾਂ/ਲਗਾਤਾਰ ਮੇਰੇ ਨਾਲ ਟਕਰਾਉਂਦੀਆਂ/ਮੇਰੇ ਹੱਥਾਂ ਨੂੰ ਕੰਮ ਦਿੰਦੀਆਂ, ਮੇਰੀਆਂ ਅੱਖਾਂ ਖੋਲ੍ਹਦੀਆਂ/ਮੈਨੂੰ ਬਦਲਦੀਆਂ ਤੇ ਮੇਰੇ ਬੁੱਲ੍ਹਾਂ ਵਿਚ ਵੱਟ ਪੈਂਦੇ। ਇਸੇ ਤਰ੍ਹਾਂ ਮੈਂ ਬਦਲਦਾਂ ਤੇਰੀ ਸ਼ਕਲ/ਤੇਰੀਆਂ ਕੂਹਣੀਆਂ ਨੂੰ ਹੁੱਝਾਂ ਮਾਰਦਾ/ਤੇਰੀਆਂ ਸੀਣਾਂ ਸਮੇਤ ਤੂੰ ਵੀ ਮੇਰੇ ਵਰਗਾ ਹੋਈ ਜਾਨਾਂ। ਬਾਹਰ ਹਵਾ ਵਿਚ ਫੜਫੜਾਉਂਦਾ, ਗਾਉਂਦਾ/ਜਿਵੇਂ ਤੂੰ ਕੋਈ ਭਟਕਦੀ ਰੂਹ ਹੋਵੇਂ। ਜਦੋਂ ਮੁਸ਼ਕਿਲਾਂ ਦੇ ਪਲ ਹੁੰਦੇ/ਤਾਂ ਤੂੰ ਮੇਰੀਆਂ ਹੱਡੀਆਂ ਨੂੰ ਚੁੰਬੜ ਜਾਨਾਂ। ਰਾਤ ਨੂੰ ਜਦੋਂ ਮੈਂ ਤੈਨੂੰ ਲਾਹ ਦਿੰਨਾਂ/ਤਾਂ ਤੈਨੂੰ ਜ਼ਰੂਰ ਭੈੜੇ ਸੁਫਨੇ ਆਉਂਦੇ ਹੋਣਗੇ। ਸੋਚਦਾਂ ਹਾਂ ਮੈਂ, ਕਿਸੇ ਦਿਨ ਵੈਰੀ ਦੀ ਗੋਲ਼ੀ/ਤੈਨੂੰ ਤੇ ਮੈਨੂੰ ਚੀਰ ਜਾਵੇਗੀ/ਤੇ ਤੂੰ ਮੇਰੇ ਨਾਲ ਹੀ ਮਰ ਜਾਵੇਂਗਾ। ਖ਼ਬਰੇ ਇਉਂ ਨਾ ਹੋਵੇ, ਆਪਾਂ ਦੋਵੇ ਬੁੱਢੇ ਹੋ ਕੇ ਮਰੀਏ/ਤੇ ਫੇਰ ਇਕੋ ਕਬਰ ਦੇ ਹਨੇਰੇ ਵਿਚ ਦੱਬ ਦਿੱਤੇ ਜਾਈਏ। ਇਸੇ ਲਈ ਤੈਨੂੰ ਹਰ ਰੋਜ਼ ਇੱਜਤ ਨਾਲ ਮਿਲਦਾਂ/ਗਲਵਕੜੀ ਪਾਉਨਾ ਕਿਉਂਕਿ ਇਕੋ ਹੀ ਆਂ ਅਸੀਂ। ਤੁਫ਼ਾਨ ਆਉਣਗੇ, ਰਾਤਾਂ ਫੈਲਣਗੀਆਂ/ਤਾਂ ਗਲ਼ੀਆਂ ’ਚ ’ਕੱਠੇ ਲੜਾਂਗੇ ਆਪਾਂ।
ਮੈਨੂੰ ਲੇਖ ਵਿਚਲੀਆਂ ਗੱਲਾਂ ਕੱਪੜਿਆਂ ਬਾਰੇ ਨਹੀਂ, ਕੱਪੜਿਆਂ ਨਾਲ਼ ਗੱਲਾਂ ਹੀ ਲੱਗੀਆਂ ਜੋ ਮੇਰੇ ਨਾਲ਼ ਹੀ ਵੱਡੇ ਹੋਏ।
ਸੰਪਰਕ: 82838-26876