ਸਿਹਤਮੰਦ ਸ਼ੁਰੂਆਤ, ਆਸਵੰਦ ਭਵਿੱਖ
ਨਰਿੰਦਰ ਪਾਲ ਸਿੰਘ
ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪਰੈਲ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਦੁਨੀਆ ਭਰ ਵਿੱਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਸਥਾ ਦੀ ਸਿਹਤ ਸਬੰਧੀ ਹਾਲਾਤ ਸੁਧਾਰਨ ਅਤੇ ਸੰਸਾਰ ਭਰ ਵਿੱਚ ਜ਼ਰੂਰੀ ਸਿਹਤ ਤਬਦੀਲੀ ਲਿਆਉਣ ਲਈ ਕੀਤੀ ਗਈ ਸੀ। 2025 ਵਿੱਚ ਇਸ ਦਿਵਸ ਦਾ ਵਿਸ਼ੇਸ਼ ਫੋਕਸ ਹੈ: ਸਿਹਤਮੰਦ ਸ਼ੁਰੂਆਤ, ਆਸਵੰਦ ਭਵਿੱਖ। ਇਸ ਸਾਲ ਦਾ ਥੀਮ ਸਾਨੂੰ ਇਹ ਸਮਝਾਉਂਦਾ ਹੈ ਕਿ ਜੀਵਨ ਦੀ ਸ਼ੁਰੂਆਤ ਤੋਂ ਹੀ ਸਿਹਤਮੰਦ ਰਹਿਣਾ ਕਿਵੇਂ ਸੰਪੂਰਨ ਅਤੇ ਖੁਸ਼ਹਾਲ ਭਵਿੱਖ ਦੀ ਬੁਨਿਆਦ ਰੱਖ ਸਕਦਾ ਹੈ। ਅੱਜ ਦੇ ਸਮੇਂ ਵਿੱਚ ਵਿਸ਼ਵ ਭਰ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਅਤੇ ਮੁਸ਼ਕਿਲਾਂ ਆ ਰਹੀਆਂ ਹਨ ਜਿਵੇਂ ਮੋਟਾਪਾ, ਸ਼ੂਗਰ ਅਤੇ ਮਾਨਸਿਕ ਤੇ ਲਾਗ ਦੀਆਂ ਬਿਮਾਰੀਆਂ ਪਰ ਜੇਕਰ ਹਰੇਕ ਸ਼ਖ਼ਸ ਅਤੇ ਸਮਾਜ ਸਿਹਤਮੰਦ ਸ਼ੁਰੂਆਤਾਂ ਦੀ ਅਹਿਮੀਅਤ ਸਮਝੇ ਅਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾਵੇ ਤਾਂ ਅਸੀਂ ਆਸਵੰਦ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ।
ਸਿਹਤਮੰਦ ਸ਼ੁਰੂਆਤ
ਜੀਵਨ ਦੀ ਸ਼ੁਰੂਆਤ ਨਵੇਂ ਸੰਸਾਰ ਵਿੱਚ ਕਦਮ ਰੱਖਣ ਵਰਗੀ ਹੁੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਉਸ ਲਈ ਸਿਹਤਮੰਦ ਆਦਤਾਂ ਦਾ ਵਿਕਾਸ ਕਰਨਾ ਵੀ ਬੜਾ ਜ਼ਰੂਰੀ ਹੈ। ਮਾਤਾ-ਪਿਤਾ ਅਤੇ ਸੰਭਾਲ ਕਰਨ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸਿਹਤਮੰਦ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਵਾਲੀ ਆਦਤਾਂ ਸਿਖਾਉਣ ਜਿਵੇਂ ਸੰਤੁਲਿਤ ਖਾਣ-ਪੀਣ, ਕਸਰਤ ਅਤੇ ਕੁਦਰਤ ਨਾਲ ਜੁੜਨਾ। ਹੇਠਾਂ ਕੁਝ ਅਹਿਮ ਪਹਿਲੂ ਹਨ ਜੋ ਬੱਚਿਆਂ ਦੀ ਸਿਹਤਮੰਦ ਸ਼ੁਰੂਆਤ ਲਈ ਜ਼ਰੂਰੀ ਹਨ:
ਪੋਸ਼ਣ
ਸ਼ੁਰੂਆਤ ਵਿੱਚ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਮਦਦਗਾਰ ਹੈ। ਇਸ ਨਾਲ ਨਵਜੰਮੇ ਸਰੀਰ ਨੂੰ ਜ਼ਰੂਰੀ ਪੋਸ਼ਣ ਅਤੇ ਇਮਿਊਨ ਸਿਸਟਮ ਮਿਲਦਾ ਹੈ। ਮਾਂ ਦਾ ਪਹਿਲਾ ਦੁੱਧ ਬੱਚੇ ਲਈ ਵਰਦਾਨ ਦਾ ਕੰਮ ਕਰਦਾ ਹੈ। ਬੱਚੇ ਨੂੰ 6 ਮਹੀਨੇ ਦੀ ਉਮਰ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।
ਸੰਤੁਲਿਤ ਭੋਜਨ
ਬੱਚਿਆਂ ਨੂੰ ਸਹੀ ਮਾਤਰਾ ਵਿੱਚ ਭੋਜਨ, ਪਾਣੀ, ਫਲ, ਸਬਜ਼ੀਆਂ ਖਾਣ ਲਈ ਉਤਸ਼ਾਹਿਤ ਕੀਤਾ ਜਾਵੇ। ਬੱਚੇ ਨੂੰ ਬਚਪਨ ਤੋਂ ਹੀ ਘਰ ਦੀਆਂ ਬਣੀਆਂ ਚੀਜ਼ਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਬੱਚੇ ਨੂੰ 6 ਮਹੀਨੇ ਦੀ ਉਮਰ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ ਨਾਲ ਤਰਲ, ਅਰਧ ਠੋਸ ਅਤੇ ਠੋਸ ਦੇ ਕ੍ਰਮ ਵਿੱਚ ਦਾਲਾਂ ਦਾ ਪਾਣੀ, ਦਾਲ ਸਬਜ਼ੀ ਆਦਿ ਖਾਣ ਲਈ ਦਿੱਤੀ ਜਾਵੇ ਤਾਂ ਜੋ ਬੱਚੇ ਨੂੰ ਇਨ੍ਹਾਂ ਦੇ ਸਵਾਦ ਦਾ ਅਹਿਸਾਸ ਹੋਵੇ। ਫਾਸਟ ਫੂਡ, ਐਨਰਜੀ ਡ੍ਰਿੰਕ ਆਦਿ ਤੋਂ ਪ੍ਰਹੇਜ ਕੀਤਾ ਜਾਵੇ।
ਸਰੀਰਕ ਗਤੀਵਿਧੀਆਂ
ਬੱਚੇ ਦੀ ਤੰਦਰੁਸਤੀ ਲਈ ਖਾਣ ਪੀਣ ਦੇ ਨਾਲ-ਨਾਲ ਸਰੀਰਕ ਗਤੀਵਿਧੀਆਂ ਵੱਲ ਵੀ ਉਤਸ਼ਾਹਿਤ ਕੀਤਾ ਜਾਵੇ। ਖੇਡਾਂ ਨਾਲ ਜਿੱਥੇ ਤੰਦਰੁਸਤੀ ਮਿਲਦੀ ਹੈ, ਉੱਥੇ ਹੀ ਸਮਾਜਿਕ ਤੌਰ ’ਤੇ ਮਿਲਵਰਤਣ ਦੀ ਭਾਵਨਾ ਵੀ ਪ੍ਰਫੁਲਿਤ ਹੁੰਦੀ ਹੈ।
ਮਨੋਵਿਗਿਆਨਿਕ ਅਤੇ ਸਮਾਜਿਕ ਆਦਤਾਂ
ਬੱਚਿਆਂ ਨੂੰ ਸਮਾਜਿਕ, ਮਨੋਵਿਗਿਆਨਿਕ ਅਤੇ ਨੈਤਿਕ ਮੁੱਲਾਂ ਨੂੰ ਪੜ੍ਹਾਈ ਜਾਂ ਗੱਲਾਂ ਰਾਹੀਂ ਸਿਖਾਉਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਭਵਿੱਖ ਵਿੱਚ ਉਹ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦਾ ਹੈ।
ਸਿਹਤਮੰਦ ਸ਼ੁਰੂਆਤ ਦੇ ਹੋਰ ਮਹੱਤਵਪੂਰਨ ਪੱਖ
ਸਿਹਤਮੰਦ ਸ਼ੁਰੂਆਤ ਹੋ ਜਾਂਦੀ ਹੈ ਤਾਂ ਇਹ ਆਸਵੰਦ ਅਤੇ ਸਮਰੱਥ ਭਵਿੱਖ ਦੀ ਸੰਭਾਵਨਾ ਨੂੰ ਜਨਮ ਦਿੰਦੀ ਹੈ। ਸਿਹਤਮੰਦ ਜੀਵਨ ਦੀ ਸ਼ੁਰੂਆਤ ਨਾ ਕੇਵਲ ਬੰਦੇ ਦੀ ਸਿਹਤ ਬਲਕਿ ਸਮੂਹ ਸਮਾਜ ਅਤੇ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਸੁਧਾਰ ਲਈ ਵੀ ਲਾਭਕਾਰੀ ਹੁੰਦੀ ਹੈ।
ਸਿਹਤਮੰਦ ਜੀਵਨ ਸ਼ੈਲੀ
ਸਿਹਤਮੰਦ ਸ਼ੁਰੂਆਤ ਦਾ ਮਤਲਬ ਸਿਰਫ ਖੁਸ਼ਹਾਲ ਜੀਵਨ ਹੀ ਨਹੀਂ ਸਗੋਂ ਆਪਣੇ ਸਰੀਰ ਅਤੇ ਮਾਨਸਿਕ ਸੁਖ-ਸ਼ਾਂਤੀ ਦਾ ਵੀ ਸੁਨਹਿਰਾ ਮੌਕਾ ਹੈ। ਅੱਜ ਕੱਲ੍ਹ ਜਦੋਂ ਵਿਸ਼ਵ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਉੱਭਰੀਆਂ ਹਨ, ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਜੀਵਨ ਸ਼ੈਲੀ ਨੂੰ ਵਧੀਆ ਬਣਾਉਣ ਲਈ ਕੁਝ ਅਹਿਮ ਕਦਮ ਉਠਾਉਣ।
ਕੁਝ ਮਹੱਤਵਪੂਰਨ ਬਿੰਦੂ ਹਨ:
ਕਸਰਤ: ਹਰ ਰੋਜ਼ ਕਸਰਤ ਕਰਨਾ ਸਿਹਤ ਲਈ ਫਾਇਦੇਮੰਦ ਹੈ। ਇਸ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਸਿਹਤਮੰਦ ਖੁਰਾਕ: ਸਿਹਤਮੰਦ ਖਾਣਾ ਸਰੀਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਹਰ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖੁਰਾਕ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਮਨੋਵਿਗਿਆਨਿਕ ਸਿਹਤ: ਮਾਨਸਿਕ ਸਿਹਤ ਲਈ ਯੋਗ ਅਤੇ ਧਿਆਨ ਦੇ ਅਭਿਆਸਾਂ ਨੂੰ ਅਪਣਾ ਕੇ ਜੀਵਨ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ।
ਪੂਰੀ ਨੀਂਦ: ਜਿੰਨਾ ਜ਼ਿਆਦਾ ਅਰਾਮ ਮਿਲਦਾ ਹੈ, ਉਸ ਨਾਲ ਮਨ ਅਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਤੇ ਸਿਹਤ ਤੰਦਰੁਸਤ ਰਹਿੰਦੀ ਹੈ।
ਸਪੱਸ਼ਟ ਹੈ ਕਿ ਸਿਹਤਮੰਦ ਜ਼ਿੰਦਗੀ ਜਿਊਣ ਲਈ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ ਅਤੇ ਚੰਗੀਆਂ ਆਦਤਾਂ ਦੀ ਸ਼ੁਰੂਆਤ ਕਰਨ ਦੀ ਲੋੜ ਹੈ।
ਸੰਪਰਕ: 98768-05158