ਨਬੀਪੁਰ ਕੱਟ ਡਰੇਨ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ
ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਸ਼ਹਿਰ ’ਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰਾਜੈਕਟ ’ਤੇ 7 ਕਰੋੜ 18 ਲੱਖ ਰੁਪਏ ਦੀ ਲਾਗਤ ਆਵੇਗੀ।
ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਰਿੰਦਰ ਗੋਇਲ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ 1960 ਵਿੱਚ ਬਣੀ ਇਹ ਨਬੀਪੁਰ ਡਰੇਨ ਦਾ 3.50 ਕਿੱਲੋਮੀਟਰ ਹਿੱਸਾ ਸ਼ਹਿਰ ਵਿੱਚ ਪੈਂਦਾ ਹੈ ਅਤੇ ਇਹ ਡਰੇਨ ਕੱਚੀ ਹੋਣ ਕਾਰਨ ਜਿੱਥੇ ਬਰਸਾਤੀ ਮੌਸਮ ਵਿੱਚ ਕਈ ਵਾਰ ਸ਼ਹਿਰ ਵਾਸੀਆਂ ਨੂੰ ਇਸ ਦੇ ਪਾਣੀ ਦੀ ਮਾਰ ਝੱਲਣੀ ਪੈਂਦੀ ਸੀ ਉਥੇ ਡਰੇਨ ਕੱਚੀ ਹੋਣ ਕਾਰਨ ਆਸ-ਪਾਸ ਦੇ ਇਲਾਕੇ ਦਾ ਜ਼ਮੀਨ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਸੀ । ਉਨ੍ਹਾਂ ਦੱਸਿਆ ਕਿ ਡਰੇਨ ਦੇ ਦੋਵੇਂ ਪਾਸੇ ਤਿੰਨ-ਤਿੰਨ ਫੁੱਟ ਰਸਤਾ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਡਰੇਨ ਪੱਕੀ ਹੋਣ ਨਾਲ ਜਿੱਥੇ ਇਸ ਦੇ ਓਵਰਫਲੋਅ ਹੋਣ ’ਤੇ ਵੀ ਰੋਕ ਲੱਗੇਗੀ ।
ਇਸ ਤੋਂ ਬਾਅਦ ਗੁਰਦਾਸਪੁਰ ਵਿੱਚ ਇੱਕ ਧੰਨਵਾਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਾਵੇਂ ਮੁਫ਼ਤ ਬਿਜਲੀ ਸਹੂਲਤ ਹੋਵੇ ਜਾਂ ਸਿਹਤ ਤੇ ਸਿੱਖਿਆ ਕ੍ਰਾਂਤੀ ਹੋਵੇ ਪੰਜਾਬ ਸਰਕਾਰ ਨੇ ਆਪਣੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਹੈ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਕੇ ਮਾਨ ਸਰਕਾਰ ਨੇ ਗੁਰਦਾਸਪੁਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਰੇਨ ਕੱਚੀ ਹੋਣ ਕਾਰਨ ਇਸ ਦੇ ਆਸ-ਪਾਸ ਦੀਆਂ ਕਲੋਨੀਆਂ ਦੇ ਵਾਸੀ ਨਰਕ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ, ਜਿਨ੍ਹਾਂ ਨੂੰ ਹੁਣ ਰਾਹਤ ਮਿਲੀ ਹੈ।