ਧੌਲਰਾਂ ’ਚ ਪੇਪਰ ਮਿੱਲ ਲਾਉਣ ਖ਼ਿਲਾਫ਼ ਰੋਸ
ਸੰਜੀਵ ਬੱਬੀ
ਚਮਕੌਰ ਸਾਹਿਬ, 30 ਅਪਰੈਲ
ਨਜ਼ਦੀਕੀ ਪਿੰਡ ਧੌਲਰਾਂ ਵਿੱਚ ਲੱਗ ਰਹੀ ਪੇਪਰ ਮਿੱਲ ਨੂੰ ਲੈ ਕੇ ਹੋਈ ਅੱਜ ਜਨਤਕ ਸੁਣਵਾਈ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਲਾਕਾ ਨਿਵਾਸੀਆਂ ਦੇ ਇਤਰਾਜ਼ ਦਰਜ ਕੀਤੇ ਗਏ। ਇਸ ਮੌਕੇ ਏਡੀਸੀ ਪੂਜਾ ਸਿਆਲ ਗਰੇਵਾਲ, ਐੱਸਡੀਐੱਮ ਅਮਰੀਕ ਸਿੰਘ ਸਿੱਧੂ ਸਮੇਤ ਹੋਰ ਉੱਚ ਅਧਿਕਾਰੀ ਮੌਜੂਦ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਇਤਰਾਜ਼ ਦਰਜ ਕਰਾਉਂਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ’ਤੇ ਇਸ ਪੇਪਰ ਮਿੱਲ ਨੂੰ ਲੱਗਣ ਨਹੀਂ ਦੇਣਗੇ। ਮੋਰਚੇ ਦੇ ਆਗੂ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਤੱਥਾਂ ਸਮੇਤ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਆਪਣੇ ਇਤਰਾਜ਼ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਕੰਪਨੀ ਮਾਲਕ ਰੋਜ਼ਾਨਾ ਇੱਕ ਕਰੋੜ ਲਿਟਰ ਪਾਣੀ ਵਰਤੇ ਜਾਣ ਮਗਰੋਂ ਇਸ ਨੂੰ ਕੰਟਰੋਲ ਕਰਨ ਦੇ ਢੰਗ-ਤਰੀਕਿਆਂ ਬਾਰੇ ਚੁੱਪ ਹਨ। ਜਸਕੀਰਤ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਮਿੱਲ ਮਾਲਕਾਂ ਵੱਲੋਂ ਅਣਵਰਤਿਆ ਪਾਣੀ ਜਾਂ ਤਾਂ ਰਾਏਪੁਰ ਡਰੇਨ ਰਾਹੀਂ ਸਰਹਿੰਦ ਨਹਿਰ ਵਿੱਚ ਸੁੱਟਿਆ ਜਾਵੇਗਾ ਜਾਂ ਫਿਰ ਮਿੱਲ ਦੇ ਅੰਦਰ ਹੀ ਧਰਤੀ ਵਿੱਚ ਪਾਇਆ ਜਾਵੇਗਾ। ਇਸ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਵੇਗਾ, ਉੱਥੇ ਹੀ ਧਰਤੀ ਵੀ ਬੰਜਰ ਹੋਵੇਗੀ।
ਮੋਰਚੇ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਚਮਕੌਰ ਸਾਹਿਬ ਦੀ ਧਰਤੀ ਸੇਮ ਵਾਲੀ ਧਰਤੀ ਹੈ ਜਿਹੜੀ ਕਿ ਮਿੱਲ ਮਾਲਕਾਂ ਵੱਲੋਂ ਛੱਡੇ ਜਾਣ ਵਾਲੇ ਹੋਰ ਵਾਧੂ ਪਾਣੀ ਨੂੰ ਆਪਣੇ ਵਿੱਚ ਸਮਾਉਣ ਤੋਂ ਅਸਮਰੱਥ ਹੈ ਜਿਸ ਕਾਰਨ ਇਹ ਪਾਣੀ ਚਮੜੀ ਤੇ ਕੈਂਸਰ ਦੀਆਂ ਨਾਮੁਰਾਦ ਬਿਮਾਰੀਆਂ ਪੈਦਾ ਕਰੇਗਾ। ਇਸ ਮੌਕੇ ਪ੍ਰਦੂਸ਼ਣ ਬੋਰਡ ਤੋਂ ਐੱਸਈ ਅਨੁਰਾਧਾ ਰਾਣੀ, ਐਕਸੀਅਨ ਬੀਰਦਵਿੰਦਰ ਸਿੰਘ, ਐਸਡੀਓ ਗੁਰਵਿੰਦਰ ਸਿੰਘ, ਮੈਨੇਜਰ ਉਦਯੋਗ ਵਿਭਾਗ ਬਲਿੰਦਰ ਸਿੰਘ ਆਦਿ ਹਾਜ਼ਰ ਸਨ।