ਧੋਖਾਧੜੀ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਾਰਚ
ਪੁਲੀਸ ਨੇ ਚੰਗੀ ਕਿਸਮਤ ਬਣਾਉਣ ਦੇ ਬਹਾਨੇ ਸੋਨੇ ਦੀ ਮੁੰਦਰੀ ਲੈ ਕੇ ਜਾਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਦੁਆਰ ਦੇ ਰਿੰਕੂ ਨਾਥ (30) ਅਤੇ ਸਾਹਿਲ ਨਾਥ (22) ਅਤੇ ਸੋਨੀਪਤ, ਹਰਿਆਣਾ ਦੇ ਰੌਕੀ ਨਾਥ (35) ਅਤੇ ਵਿੱਕੀ ਨਾਥ (31) ਵਜੋਂ ਹੋਈ ਹੈ। ਘਟਨਾ ਮੁਤਾਬਕ ਆਈਜੀਆਈ ਹਵਾਈ ਅੱਡਾ ਪੁਲੀਸ ਸਟੇਸ਼ਨ ਨੂੰ ਚਾਰ ਫਰਜ਼ੀ ਸਾਧੂਆਂ ਬਾਰੇ ਪੀਸੀਆਰ ਕਾਲ ਮਿਲੀ। ਸ਼ਿਕਾਇਤਕਰਤਾ ਗਗਨ ਜੈਨ (ਗਵਾਲੀਅਰ, ਮੱਧ ਪ੍ਰਦੇਸ਼ ਦਾ ਚਾਰਟਰਡ ਅਕਾਊਂਟੈਂਟ) ਕਥਿਤ ਤੌਰ ’ਤੇ ਐਰੋਸਿਟੀ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋ ਰਿਹਾ ਸੀ ਜਦੋਂ ਮੁਲਜ਼ਮਾਂ ਨੇ ਜੇਡਬਲਿਊ ਮੈਰੀਅਟ ਹੋਟਲ ਦੇ ਨੇੜੇ ਉਸ ਨਾਲ ਸੰਪਰਕ ਕੀਤਾ। ਉਸ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਜੇਡਬਲਿਊ ਮੈਰੀਅਟ ਹੋਟਲ ਦੇ ਗੇਟ ਨੰਬਰ 5 ਨੇੜੇ ਪੁੱਜਿਆ ਤਾਂ ਸਰੀਰਾਂ ’ਤੇ ਸੁਆਹ ਅਤੇ ਪੈਰਾਂ ’ਤੇ ਘੰਟੀਆਂ ਬੰਨ੍ਹੀਆਂ ਹੋਈਆਂ ਚਾਰ ਸਾਧੂ ਆਏ। ਸਾਧੂਆਂ ਨੇ ਆਪਣੇ ਆਪ ਨੂੰ ਉੱਚ ਪੁਜਾਰੀ ਅਤੇ ਵੈਦਿਕ ਮਾਹਿਰ ਵਜੋਂ ਪੇਸ਼ ਕੀਤਾ। ਉਸ ਦੇ ਮੱਥੇ ’ਤੇ ਤਿਲਕ ਲਗਾਉਣ ਲਈ ਕਿਹਾ। ਚੰਦਨ ਲਗਾਉਣ ਤੋਂ ਬਾਅਦ ਇੱਕ ਆਦਮੀ ਨੇ 2 ਰੁਪਏ ਮੰਗੇ, ਜੈਨ ਨੇ 50 ਰੁਪਏ ਦੇ ਦਿੱਤੇ। ਫਿਰ ਪਾਖੰਡੀਆਂ ਨੇ ਜੈਨ ਦੀ ਸੋਨੇ ਦੀ ਮੁੰਦਰੀ ’ਤੇ ਆਪਣੀ ਨਜ਼ਰ ਟਿਕਾਈ, ਦਾਅਵਾ ਕੀਤਾ ਕਿ ਇਸ ਵਿੱਚ ਕੋਈ ਨੁਕਸ ਹੈ ਅਤੇ ਇਹ ਉਸ ਦੀ ਚੰਗੀ ਕਿਸਮਤ ਵਿੱਚ ਰੁਕਾਵਟ ਪਾ ਰਿਹਾ ਸੀ। ਡਰੇ ਹੋਏ ਜੈਨ ਨੇ ਆਪਣੀ ਅੰਗੂਠੀ ਸੌਂਪ ਦਿੱਤੀ ਅਤੇ ਉਨ੍ਹਾਂ ਨੇ ਉਸ ਨੂੰ ਪਿੱਛੇ ਮੁੜ ਕੇ ਵੇਖੇ ਬਿਨਾਂ ਜਾਣ ਲਈ ਕਿਹਾ। ਨਾਲ ਹੀ ਚਿਤਾਵਨੀ ਦਿੱਤੀ ਕਿ ਨਹੀਂ ਤਾਂ ਉਸ ਦਾ ਨੁਕਸਾਨ ਹੋਵੇਗਾ। ਕੁਝ ਦੇਰ ਬਾਅਦ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਮਹਿਸੂਸ ਹੋਇਆ ਅਤੇ ਜੈਨ ਨੇ ਪੀਸੀਆਰ ਨੂੰ ਫੋਨ ਕੀਤਾ ਅਤੇ ਘਟਨਾ ਦੀ ਸੂਚਨਾ ਦਿੱਤੀ।