ਐਲਪੀਜੀ ਲੀਕ ਹੋਣ ਕਾਰਨ ਘਰ ਵਿੱਚ ਅੱਗ ਲੱਗੀ, ਦੋ ਬੱਚਿਆਂ ਦੀ ਮੌਤ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਾਰਚ
ਦਿੱਲੀ ਵਿੱਚ ਪੰਜਾਬੀ ਬਾਗ ਵਿੱਚ ਐਲਪੀਜੀ ਲੀਕ ਹੋਣ ਕਾਰਨ ਘਰ ਵਿੱਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਪੂਰਬੀ ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ 'ਚ ਐਤਵਾਰ ਰਾਤ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਦਿੱਲੀ ਪੁਲੀਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਦਿਲ ਦਹਿਲਾਉਣ ਵਾਲੀ ਘਟਨਾ ਵਿੱਚ ਪੱਛਮੀ ਦਿੱਲੀ ਦੇ ਮਨੋਹਰ ਪਾਰਕ ਵਿੱਚ ਸਥਿਤ ਘਰ ਵਿੱਚ ਇੱਕ ਐਲਪੀਜੀ ਸਿਲੰਡਰ ਤੋਂ ਗੈਸ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ ਵਿੱਚ ਨਾਬਾਲਗ ਭੈਣ-ਭਰਾ ਦੀ ਮੌਤ ਹੋ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਮੁਤਾਬਕ ਮਨੋਹਰ ਪਾਰਕ ਦੇ ਡਬਲਿਊ ਜੇਡ-7 ਵਿੱਚ ਐਤਵਾਰ ਰਾਤ 8:20 ਵਜੇ ਦੇ ਕਰੀਬ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਅਤੇ ਹੋਰ ਨੁਕਸਾਨ ਨੂੰ ਰੋਕਣ ਲਈ ਦੋ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ।
ਮ੍ਰਿਤਕ ਬੱਚਿਆਂ ਦੀ ਪਛਾਣ ਆਕਾਸ਼ (7) ਅਤੇ ਸਾਕਸ਼ੀ (14) ਵਜੋਂ ਹੋਈ ਹੈ। ਡੀਐਫਐਸ ਅਧਿਕਾਰੀ ਦੇ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗ ਐਲਪੀਜੀ ਸਿਲੰਡਰ ਤੋਂ ਸ਼ੁਰੂ ਹੋਈ ਜੋ ਲੀਕ ਹੋ ਰਿਹਾ ਸੀ ਅਤੇ ਆਖਰਕਾਰ ਘਰ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪੀਸੀਆਰ ਟੀਮ ਨੇ ਆਚਾਰੀਆ ਭਿਕਸ਼ੂ ਹਸਪਤਾਲ ਪਹੁੰਚਾਇਆ।
ਦਿੱਲੀ ਪੁਲੀਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਵਿਤਾ (34) ਨਾਮੀ ਔਰਤ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਅਤੇ ਅਚਾਨਕ ਨੇੜੇ ਹੀ ਇੱਕ ਕੱਪੜੇ ਨੂੰ ਅੱਗ ਲੱਗ ਗਈ, ਜਿਸ ਨਾਲ ਉਸ ਦੇ ਬੇਟੇ ਆਕਾਸ਼ ਅਤੇ ਬੇਟੀ ਸਾਕਸ਼ੀ ਕਮਰੇ ਵਿੱਚ ਫਸ ਗਏ ਜਦੋਂਕਿ ਸਵਿਤਾ ਅਤੇ ਉਸ ਦੀ 11 ਸਾਲਾ ਧੀ ਮਿਨਾਕਸ਼ੀ ਵਾਲ ਵਾਲ ਬਚਣ ਵਿੱਚ ਕਾਮਯਾਬ ਹੋ ਗਏ।