ਧਾਮੀ ਨੂੰ ਮਨਾਉਣ ਪੁੱਜੇ ਅੰਤ੍ਰਿੰਗ ਕਮੇਟੀ ਮੈਂਬਰ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਵਾਸਤੇ ਮਨਾਉਣ ਲਈ ਅੱਜ ਉਨ੍ਹਾਂ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ’ਤੇ ਪੁੱਜੇ। ਇਸ ਤੋਂ ਪਹਿਲਾਂ ਇਕੱਤਰਤਾ ਦੌਰਾਨ ਅੰਤ੍ਰਿਗ ਕਮੇਟੀ ਨੇ ਐਡਵੋਕੇਟ ਧਾਮੀ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਸੀ। ਅੰਤ੍ਰਿੰਗ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਤੁਗਲਵਾਦ ਨੇ ਤਿੰਨ ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਦੱਸਿਆ ਕਿ ਐਡਵੋਕੇਟ ਧਾਮੀ ਨੇ ਇੱਕ-ਦੋ ਦਿਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਧਾਮੀ ਹਾਂ ਪੱਖੀ ਫ਼ੈਸਲਾ ਲੈਣਗੇ ਅਤੇ ਆਪਣਾ ਅਹੁਦਾ ਜਲਦੀ ਹੀ ਸੰਭਾਲ ਲੈਣਗੇ। ਧਾਮੀ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਚਰ ਸ਼ੇਰ ਸਿੰਘ ਮੰਡਵਾਲਾ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਸਮੇਤ ਹੋਰ ਮੈਂਬਰ ਬਾਅਦ ਦੁਪਹਿਰ ਧਾਮੀ ਦੀ ਰਿਹਾਇਸ਼ ’ਤੇ ਪੁੱਜੇ। ਕੁੱਝ ਸਮਾਂ ਬਾਹਰ ਗੱਲਬਾਤ ਕਰਨ ਤੋਂ ਬਾਅਦ ਸਾਰੇ ਮੈਂਬਰ ਅੰਦਰ ਚਲੇ ਗਏ ਤੇ ਧਾਮੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਕਮੇਟੀ ਮੈਂਬਰਾਂ ਨੇ ਪੂਰਾ ਜ਼ੋਰ ਲਗਾਇਆ ਕਿ ਧਾਮੀ ਅੱਜ ਹੀ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕਰ ਦੇਣ, ਪਰ ਉਹ ਅਜਿਹਾ ਕਰਾਉਣ ’ਚ ਅਸਫਲ ਰਹੇ। ਇਹ ਵੀ ਪਤਾ ਲੱਗਿਆ ਹੈ ਕਿ ਮੈਂਬਰ ਆਪਣੇ ਨਾਲ ਸਿਰੋਪਾ ਵੀ ਲਿਆਏ ਸਨ ਪਰ ਧਾਮੀ ਨੇ ਇਹ ਲੈਣ ਤੋਂ ਨਾਂਹ ਕਰ ਦਿੱਤੀ। ਮੀਟਿੰਗ ਦੇ ਚੱਲਦਿਆਂ ਧਾਮੀ ਨੂੰ ਕੁੱਝ ਵਿਸ਼ੇਸ਼ ਵਿਅਕਤੀਆਂ ਦੇ ਫ਼ੋਨ ਵੀ ਆਉਣ ਦੀ ਪੁਸ਼ਟੀ ਹੋਈ ਹੈ।
ਦੇਰ ਸ਼ਾਮ ਵਾਪਸ ਜਾਣ ਤੋਂ ਪਹਿਲਾਂ ਬਾਹਰ ਉਡੀਕ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਜੀਤ ਸਿੰਘ ਤੁਗਲਵਾਦ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਧਾਮੀ ਆਪਣਾ ਅਹੁਦਾ ਜਲਦੀ ਸੰਭਾਲ ਲੈਣਗੇ।