ਦੋ ਕਾਰਾਂ ਦੀ ਟੱਕਰ ’ਚ ਤਿੰਨ ਮੌਤਾਂ
ਮਹਾਂਵੀਰ ਮਿੱਤਰ
ਜੀਂਦ, 14 ਅਪਰੈਲ
ਇੱਥੋਂ ਲਗਪਗ 20 ਕੁ ਕਿਲੋਮੀਟਰ ਦੂਰ ਉਚਾਨਾ ਵਿੱਚ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 3 ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਚਾਨਾ ਤੋਂ ਲਿਤਾਨੀ ਰੋਡ ’ਤੇ ਪਿੰਡ ਦੁਰਜਨਪੁਰ ਦੇ ਪੈਟਰੋਲ ਪੰਪ ਕੋਲ ਵਾਪਰਿਆ। ਇਸ ਦੌਰਾਨ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਪੈਟਰੋਲ ਪੰਪ ਤੋਂ ਬਾਹਰ ਨਿਕਲਦੀ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਕਾਰ ਵਿੱਚ ਸਵਾਰ 6 ਵਿਅਕਤੀਆਂ ਵਿੱਚੋਂ 3 ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂਕਿ 3 ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਲਗਪਗ 20 ਫੁੱਟ ਦੀ ਦੂਰੀ ਤੱਕ ਉੱਛਲ ਕੇ ਸੜਕ ਕਿਨਾਰੇ ਖੜ੍ਹੇ ਦਰੱਖਤਾਂ ਨਾਲ ਜਾ ਟਕਰਾਈ। ਮ੍ਰਿਤਕਾਂ ਦੀ ਪਛਾਣ ਗੋਲੀ ਘਿਮਾਣਾ, ਸਾਹਿਲ ਬਹਿਬਲਪੁਰ ਅਤੇ ਵਿਸ਼ਾਲ ਈਗਰਾਹ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਵਿੱਚ ਗੋਗੀ ਘਿਮਾਣਾ, ਮਨੋਜ ਬਹਿਬਲਪੁਰ ਅਤੇ ਦੀਪਕ ਪੋਖਰੀ ਖੇੜੀ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਕੁਲਦੀਪ ਸਿੰਘ ਟੀਮ ਸਣੇ ਘਟਨਾ ਸਥਾਨ ’ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਕਾਰ ਵਿੱਚ ਅਗਲੀ ਸੀਟ ਉੱਤੇ ਬੈਠੇ 3 ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂਕਿ ਪਿਛਲੀ ਸੀਟ ਉੱਤੇ ਬੈਠੇ 3 ਵਿਅਕਤੀ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਹਾਦਸੇ ਦੌਰਾਨ ਦੋਵੇਂ ਕਾਰਾਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।