ਅਟਾਰੀ ਸਰਹੱਦ ’ਤੇ ਮੁਲਕ ਪਰਤਣ ਵਾਲਿਆਂ ਦਾ ਸਿਲਸਿਲਾ ਜਾਰੀ
ਕਿਸੇ ਦੀ ਮਾਂ ਪਾਕਿ ਵਿੱਚ, ਕਿਸੇ ਦੇ ਬੱਚੇ ਭਾਰਤ ਵਿੱਚ ਰਹਿਣ ਕਾਰਨ ਹੋ ਰਹੀ ਪ੍ਰੇਸ਼ਾਨੀ; ਪੁਲਵਾਮਾ ਹਮਲੇ ਮਗਰੋਂ ਮਾਵਾਂ ਨੂੰ ਤਰਸਣ ਲੱਗੇ ਬੱਚੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਅਪਰੈਲ
ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ ਸਥਿਤ ਆਈਸੀਪੀ ਰਸਤੇ ਲਾਂਘੇ ਨੂੰ ਪਹਿਲੀ ਮਈ ਤੋਂ ਮੁਕੰਮਲ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਬੰਦ ਹੋਣ ਤੋਂ ਪਹਿਲਾਂ ਅੱਜ ਪੰਜਵੇਂ ਦਿਨ ਵੀ ਇੱਥੇ ਅਟਾਰੀ ਸਰਹੱਦ ’ਤੇ ਦੋਵਾਂ ਮੁਲਕਾਂ ਤੋਂ ਵਤਨ ਵਾਪਸੀ ਕਰਨ ਵਾਲੇ ਲੋਕਾਂ ਦਾ ਆਉਣ-ਜਾਣਾ ਦੇਰ ਸ਼ਾਮ ਤੱਕ ਜਾਰੀ ਰਿਹਾ। ਮਿਲੀ ਜਾਣਕਾਰੀ ਮੁਤਾਬਕ ਅੱਜ ਪਾਕਿਸਤਾਨ ਵੱਲੋਂ ਲਗਪਗ 272 ਭਾਰਤੀ ਨਾਗਰਿਕ ਵਾਪਸ ਮੁਲਕ ਪਰਤੇ, ਜਦੋਂਕਿ 145 ਪਾਕਿਸਤਾਨੀ ਨਾਗਰਿਕ ਅੱਜ ਭਾਰਤ ਤੋਂ ਅਟਾਰੀ ਰਸਤੇ ਆਪਣੇ ਮੁਲਕ ਵਾਪਸ ਗਏ। ਇਨ੍ਹਾਂ ਵਿੱਚ ਪਾਕਿਸਤਾਨੀ ਦੂਤਾਵਾਸ ਅਮਲੇ ਦੇ 36 ਮੈਂਬਰ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕੀਤੇ ਗਏ ਫੈਸਲਿਆਂ ਤਹਿਤ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਦੂਤਾਵਾਸ ਨੂੰ ਅਮਲੇ ਦੀ ਗਿਣਤੀ ਘੱਟ ਕਰਨ ਅਤੇ ਵਾਪਸ ਭੇਜਣ ਲਈ ਆਖਿਆ ਗਿਆ ਸੀ।
ਇਸ ਦੌਰਾਨ ਕਈ ਭਾਰਤੀਆਂ ਨੂੰ ਪਾਕਿਸਤਾਨੀ ਵੀਜ਼ਾ ਪ੍ਰਾਪਤ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ। ਇਸੇ ਤਰ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਇੰਦੌਰ ਤੋਂ ਆਏ ਜੁਬੈਰ ਆਲਮ ਨੇ ਦੱਸਿਆ ਕਿ ਉਸ ਦਾ ਭਰਾ ਇਮਰਾਨ ਆਲਮ ਤਿੰਨ ਛੋਟੀਆਂ ਬੱਚੀਆਂ ਦੇ ਨਾਲ ਪਾਕਿਸਤਾਨ ਤੋਂ ਵਾਪਸ ਪਰਤੇ ਹਨ ,ਪਰ ਉਸ ਦੀ ਭਰਜਾਈ ਜੋ ਪਾਕਿਸਤਾਨੀ ਨਾਗਰਿਕ ਹੈ, ਉਸ ਨੂੰ ਸਰਹੱਦ ਪਾਰ ਕਰਕੇ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਉਸ ਨੇ ਕਿਹਾ ਕਿ ਬਿਨਾਂ ਮਾਂ ਦੇ ਬੱਚਿਆਂ ਦੇ ਇਕੱਲੇ ਰਹਿਣਾ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਾ ਮੁਸ਼ਕਲ ਹੈ। ਬੱਚੀਆਂ ਛੋਟੀਆਂ ਹਨ। ਉਸ ਦਾ ਭਰਾ ਆਪਣੇ ਪਰਿਵਾਰ ਨਾਲ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਹੋਇਆ ਸੀ ਅਤੇ ਉਸ ਨੂੰ ਅੱਧ ਵਿਚਾਲੇ ਹੀ ਵਾਪਸ ਪਰਤਣਾ ਪਿਆ।
ਇਸੇ ਤਰ੍ਹਾਂ ਹੋਰ ਵੀ ਕਈ ਪਰਿਵਾਰ ਹਨ ਜਿਨ੍ਹਾਂ ਦੇ ਕੁਝ ਮੈਂਬਰ ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਹੈ, ਉਨ੍ਹਾਂ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਕੋਲ ਪਾਕਿਸਤਾਨੀ ਨਾਗਰਿਕਤਾ ਹੈ, ਉਨ੍ਹਾਂ ਨੂੰ ਭਾਰਤ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਹੈ। ਇਸ ਕਾਰਨ ਪਰਿਵਾਰ ਦੋਵੇਂ ਪਾਸੇ ਵੰਡੇ ਗਏ ਹਨ। ਪਾਕਿਸਤਾਨ ਤੋਂ ਵਾਪਸ ਪਰਤੇ ਕਈ ਲੋਕਾਂ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਜਾਰੀ ਵੀਜ਼ੇ ਦੀ ਮਿਆਦ ਫਿਲਹਾਲ ਬਾਕੀ ਸੀ ਪਰ ਉਨ੍ਹਾਂ ਨੂੰ ਆਪਣੀ ਯਾਤਰਾ ਅੱਧ ਵਿਚਾਲੇ ਛੱਡ ਕੇ ਹੀ ਵਾਪਸ ਪਰਤਣਾ ਪਿਆ ਹੈ, ਜਿਸ ਕਾਰਨ ਉਨ੍ਹਾਂ ਦਾ ਮਨ ਦੁਖੀ ਹੈ।
ਡੱਬੀ:::ਪਰੇਡ ਕਮਾਂਡਰਾਂ ਦਾ ਆਪਸ ਵਿੱਚ ਹੱਥ ਮਿਲਾਉਣਾ ਹੋਇਆ ਬੰਦ
ਝੰਡਾ ਉਤਾਰਨ ਦੀ ਚੱਲ ਰਹੀ ਰਸਮ ਦੌਰਾਨ ਵੀ ਸੈਲਾਨੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਘੱਟ ਗਈ ਹੈ। ਇਸ ਰਸਮ ਦੌਰਾਨ ਰੋਸ ਵਜੋਂ ਹੁਣ ਗੇਟ ਬੰਦ ਰੱਖੇ ਜਾ ਰਹੇ ਹਨ ਅਤੇ ਪਰੇਡ ਕਮਾਂਡਰ ਦਾ ਆਪਸ ਵਿੱਚ ਹੱਥ ਮਿਲਾਉਣ ਦਾ ਸਿਲਸਿਲਾ ਵੀ ਬੰਦ ਕਰ ਦਿੱਤਾ ਗਿਆ ਹੈ ।