ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁੱਲੇ ਭੱਟੀ ਦੀ ਨਾਬਰੀ

04:19 AM Mar 26, 2025 IST
ਮਾਨਵ
Advertisement

ਲੋਹੜੀ ਦੇ ਹਵਾਲੇ ਨਾਲ ਦੁੱਲੇ ਭੱਟੀ ਦਾ ਨਾਮ ਤਾਂ ਸਾਰੇ ਪੰਜਾਬੀ ਜਾਣਦੇ ਹਨ ਪਰ ਇਹ ਦੁੱਲਾ ਭੱਟੀ ਕੌਣ ਸੀ ਤੇ ਕਿਉਂ ਉਸ ਨੂੰ ਮੁਗਲ ਬਾਦਸ਼ਾਹ ਅਕਬਰ ਦੇ ਰਾਜ ਵਿੱਚ ਫਾਂਸੀ ਦਿੱਤੀ ਗਈ, ਇਸ ਬਾਰੇ ਘੱਟ ਹੀ ਲੋਕਾਂ ਨੂੰ ਜਾਣਕਾਰੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰੀ ਇਤਿਹਾਸ ਵਿੱਚ, ਇਹ ਭਾਵੇਂ ਮੁਗਲਾਂ ਦਾ ਹੋਵੇ ਜਾਂ ਅੰਗਰੇਜ਼ਾਂ ਦੇ ਜ਼ਮਾਨੇ ਦਾ ਤੇ ਭਾਵੇਂ ਅੱਜ ਦਾ, ਲੋਕ ਨਾਇਕਾਂ ਦਾ ਜਿ਼ਕਰ ਬਹੁਤ ਘੱਟ ਆਇਆ ਹੈ; ਉਨ੍ਹਾਂ ਨੂੰ ਅਕਸਰ ਚੋਰ, ਡਾਕੂ ਆਦਿ ਕਹਿ ਕੇ ਨਿੰਦਿਆ ਜਾਂਦਾ ਰਿਹਾ ਹੈ। ਦੁੱਲੇ ਭੱਟੀ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੋਇਆ। ਮੁਗਲਾਂ ਦੀਆਂ ਸਰਕਾਰੀ ਲਿਖਤਾਂ ਵਿੱਚ ਅੱਵਲ ਤਾਂ ਉਸ ਬਾਰੇ ਬਹੁਤੀ ਜਾਣਕਾਰੀ ਮਿਲਦੀ ਨਹੀਂ, ਜੇ ਮਿਲਦੀ ਹੈ ਤਾਂ ਮਨਫੀ ਰੂਪ ਵਿੱਚ। ਉਂਝ, ਪੰਜਾਬ ਦੇ ਲੋਕਾਂ ਨੇ ਆਪਣੇ ਗੀਤਾਂ ਤੇ ਕਿੱਸੇ ਕਹਾਣੀਆਂ ਰਾਹੀਂ ਇਸ ਨਾਬਰ ਲੋਕ ਨਾਇਕ ਦੀ ਯਾਦ ਸੰਭਾਲੀ ਹੋਈ ਹੈ।

ਦੱਖਣੀ ਏਸ਼ੀਆ ਖਿੱਤੇ ਲਈ ਜ਼ਮੀਨੀ ਲਾਂਘਾ ਹੋਣ ਕਰ ਕੇ ਬਾਹਰੀ ਹਮਲਾਵਰ ਪੰਜਾਬ ਵਿੱਚੋਂ ਹੋ ਕੇ ਹੀ ਲੰਘਦੇ ਰਹੇ ਜਿਸ ਕਾਰਨ ਪੰਜਾਬ ਨੂੰ ਲੰਮਾ ਸਮਾਂ ਅਸ਼ਾਂਤੀ ਤੇ ਉਥਲ-ਪੁਥਲ ਵਿੱਚੋਂ ਲੰਘਣਾ ਪਿਆ। ਇਸ ਦਾ ਅਸਰ ਪੰਜਾਬੀ ਮਾਨਸਿਕਤਾ ਉੱਤੇ ਵੀ ਪਿਆ। ਇਹ ਬਿਨਾਂ ਗੱਲ ਤੋਂ ਨਹੀਂ ਸੀ ਕਿ ਅਜਿਹੇ ਅਖਾਣ ਬਣੇ- ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।

Advertisement

ਪੰਜਾਬ ਉੱਤੇ ਬਾਹਰੀ ਕਬਜ਼ੇ ਦੀ ਤਾਰੀਖ ਜਿੰਨੀ ਪੁਰਾਣੀ ਹੈ, ਉਸ ਦੇ ਵਿਰੋਧ ਦੀ ਕਹਾਣੀ ਵੀ ਓਨੀ ਹੀ ਪੁਰਾਣੀ ਹੈ ਪਰ ਨਾਬਰੀ ਦੀ ਇਸ ਤਾਰੀਖ ਨੂੰ ਹਾਕਮ ਹਮੇਸ਼ਾ ਨਜ਼ਰ ਅੰਦਾਜ਼ ਕਰਦੇ ਰਹੇ ਹਨ। ਉਨ੍ਹਾਂ ਮਹਾਨ ਲੋਕ ਨਾਇਕਾਂ ਜਿਨ੍ਹਾਂ ਨੇ ਲੋਕਾਂ ਲਈ ਕੁਰਬਾਨੀ ਕੀਤੀ, ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ ਜਾਂ ਫਿਰ ਉਨ੍ਹਾਂ ਨੂੰ ਕਿਸੇ ਜਾਤ ਜਾਂ ਧਰਮ ਵਿਸ਼ੇਸ਼ ਦਾ ਨਾਇਕ ਬਣਾ ਕੇ ਪੇਸ਼ ਕਰਨ ਦਾ ਰੁਝਾਨ ਵੀ ਮੌਜੂਦ ਹੈ। ਦੁੱਲੇ ਭੱਟੀ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਕੀਤਾ ਗਿਆ।

ਦੁੱਲੇ ਭੱਟੀ ਦਾ ਸਬੰਧ ਸਾਂਦਲ ਬਾਰ ਇਲਾਕੇ ਨਾਲ ਸੀ। ਸਾਂਦਲ ਬਾਰ ਦਾ ਇਲਾਕਾ ਦੋਆਬਾ ਰਚਨਾ ਦਾ ਦੱਖਣੀ ਹਿੱਸਾ, ਭਾਵ, ਲੋਅਰ ਬਾਰੀ ਦੋਆਬ ਤੋਂ ਲੈ ਕੇ ਗੁਜਰਾਂਵਾਲਾ, ਸ਼ੇਖੂਪੁਰਾ, ਨਨਕਾਣਾ, ਜੜ੍ਹਾਂਵਾਲਾ, ਹਾਫਿਜ਼ਾਬਾਦ, ਚਿਨਿਓਟ, ਫੈਸਲਾਬਾਦ ਆਦਿ ਜਿ਼ਲ੍ਹਿਆਂ ਤੱਕ ਫੈਲਿਆ ਹੋਇਆ ਹੈ। ਇਹ ਸਾਰੇ ਜਿ਼ਲ੍ਹੇ ਲਹਿੰਦੇ ਪੰਜਾਬ ਦਾ ਹਿੱਸਾ ਹਨ। ਚਾਰ ਸਦੀਆਂ ਪਹਿਲਾਂ ਇਸ ਇਲਾਕੇ ਵਿੱਚ ਜ਼ਾਲਮਾਨਾ ਨਿਜ਼ਾਮ ਖਿਲਾਫ ਜ਼ਬਰਦਸਤ ਬਗ਼ਾਵਤੀ ਲਹਿਰ ਉੱਠੀ ਸੀ ਜਿਸ ਨੇ ਮੁਗਲ ਸਲਤਨਤ ਨੂੰ ਵਖਤ ਪਾ ਦਿੱਤਾ। ਬਾਰ ਦਾ ਇਲਾਕਾ ਉਹ ਇਲਾਕਾ ਸੀ ਜਿਹੜਾ ਮੁਗਲਾਂ ਦੇ ਬੰਦੋਬਸਤ ਵਿੱਚ ਸ਼ਾਮਿਲ ਨਹੀਂ ਸੀ। ਇਨ੍ਹਾਂ ਇਲਾਕਿਆਂ ਨੂੰ ਗ਼ੈਰ-ਇਲਾਕੇ ਵੀ ਕਿਹਾ ਜਾਂਦਾ ਸੀ ਤੇ ਇੱਥੇ ਵਧੇਰੇ ਕਰ ਕੇ ਲੁੱਟ ਮਾਰ ਰਾਹੀਂ ਮਾਲੀਆ ਇਕੱਠਾ ਕੀਤਾ ਜਾਂਦਾ ਸੀ। ਮਗਰੋਂ ਅੰਗਰੇਜ਼ਾਂ ਨੇ ਨਹਿਰਾਂ ਕੱਢ ਕੇ ਇਸ ਇਲਾਕੇ ਨੂੰ ਬਾਕਾਇਦਾ ਬੰਦੋਬਸਤ ਵਿੱਚ ਸ਼ਾਮਿਲ ਕਰ ਲਿਆ।

ਮੁਗਲਾਂ ਦੇ ਦੌਰ ਵਿੱਚ ਇੱਥੇ ਲਗਾਨ ਵਸੂਲੀ ਦੌਰਾਨ ਮੁਗਲੀਆ ਅਹਿਲਕਾਰਾਂ ਦੇ ਧੱਕੇ ਬਾਰੇ ਹਵਾਲੇ ਮਿਲਦੇ ਹਨ। ਇਸ ਧੱਕੇ ਖਿ਼ਲਾਫ਼ ਬੋਲਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ। ਦੁੱਲੇ ਭੱਟੀ ਦੀ ਪੈਦਾਇਸ਼ ਇਸ ਇਲਾਕੇ ਵਿੱਚ 1547 ਨੂੰ ਪਿੰਡੀ ਭੱਟੀਆਂ ਤੋਂ ਕੁਝ ਕੋਹ ਦੂਰ ਚਨਾਬ ਦਰਿਆ ਦੇ ਕੰਢੇ ਚੂਚਕ ਨੇੜੇ ਹੋਈ। ਮੁਗਲਾਂ ਦੇ ਜ਼ੁਲਮ ਖਿ਼ਲਾਫ਼ ਆਵਾਜ਼ ਬੁਲੰਦ ਕਰਨ ਕਰ ਕੇ ਪਹਿਲਾਂ ਹੀ ਦੁੱਲੇ ਭੱਟੀ ਦੇ ਦਾਦੇ ਬਿਜਲੀ ਖਾਨ ਸਾਂਦਲ ਅਤੇ ਦੁੱਲੇ ਦੇ ਪਿਤਾ ਫਰੀਦ ਖਾਨ ਨੂੰ ਫਾਹੇ ਲਾ ਦਿੱਤਾ ਗਿਆ ਸੀ। ਵਾਰਾਂ ਵਿੱਚ ਜਿ਼ਕਰ ਆਉਂਦਾ ਹੈ ਕਿ ਦੁੱਲੇ ਨੂੰ ਆਪਣੇ ਪਿਓ ਤੇ ਦਾਦੇ ਦੀ ਕੁਰਬਾਨੀ ਦਾ ਪਤਾ ਮਾਂ ਦੀਆਂ ਲੋਰੀਆਂ ਤੋਂ ਹੀ ਲੱਗਾ:

ਤੇਰਾ ਸਾਂਦਲ ਦਾਦਾ ਮਾਰਿਆ

ਦਿੱਤਾ ਭੋਰੇ ਵਿੱਚ ਪਾ

ਮੁਗਲਾਂ ਪੁੱਠੀਆਂ ਖਾਲਾਂ ਲਾਹ ਕੇ

ਭਰਿਆ ਨਾਲ ਹਵਾ...

ਕਿਸਾਨਾਂ ਤੋਂ ਵਸੂਲਿਆ ਜਾਂਦਾ ਭਾਰੀ ਲਗਾਨ, ਮੁਗਲਾਂ ਦੇ ਜ਼ੁਲਮ, ਬਾਪ ਤੇ ਦਾਦੇ ਦਾ ਕਤਲ ਉਹ ਕਾਰਨ ਸਨ ਜਿਨ੍ਹਾਂ ਨੇ ਦੁੱਲੇ ਨੂੰ ਬਗ਼ਾਵਤ ਲਈ ਪ੍ਰੇਰਿਆ। ਦੁੱਲੇ ਨੇ ਮੁਗਲਾਂ ਖਿਲਾਫ ਕੇਂਦਰੀ ਪੰਜਾਬ ਦੇ ਇਲਾਕੇ ਵਿੱਚ ਬਗਾਵਤ ਸ਼ੁਰੂ ਕੀਤੀ ਜੋ ਛੇਤੀ ਹੀ ਵੱਡੇ ਇਲਾਕੇ ਵਿੱਚ ਫੈਲ ਗਈ। ਹਾਲਤ ਇਹ ਬਣ ਗਈ ਸੀ ਕਿ ਸਾਂਦਲ ਬਾਰ ਦੇ ਇਲਾਕੇ ਵਿੱਚੋਂ ਨਿੱਕਲਣ ਵਾਲਾ ਮੁਗਲਾਂ ਦਾ ਕੋਈ ਵੀ ਕਾਫ਼ਲਾ ਇਨ੍ਹਾਂ ਬਾਗੀਆਂ ਤੋਂ ਬਚ ਕੇ ਨਹੀਂ ਸੀ ਜਾ ਸਕਦਾ। ਬਗ਼ਾਵਤੀ ਤਹਿਰੀਕ ਦਾ ਮੁੱਢ ਬੱਝ ਚੁੱਕਾ ਸੀ। ਦਾਦੂ ਡੋਗਰ, ਜਮਾਲ ਖਾਨ, ਕਮਾਲ, ਕਲਾਬਰ ਵਾਲਾ, ਸੁੱਲਾ ਮਰਾਸੀ ਤੇ ਹੋਰ ਕਈ ਦੁੱਲੇ ਦੇ ਨੇੜਲੇ ਸੰਗੀ ਸਨ।

ਇਤਿਹਾਸਕਾਰ ਐਤਜ਼ਾਜ਼ ਅਹਿਸਨ ਨੇ ਦੁੱਲੇ ਭੱਟੀ ਦੀ ਇਸ ਬਗ਼ਾਵਤ ਨੂੰ ਕਿਸਾਨਾਂ ਦੀ ਬਗ਼ਾਵਤ ਦਾ ਨਾਮ ਦਿੱਤਾ ਹੈ। ਉਹ ਲਿਖਦੇ ਹਨ, “ਹਿੰਦ ਤੇ ਸਿੰਧ ਵਾਦੀ ਦਾ ਕਿਸਾਨ ਬੇਹੱਦ ਤੰਗੀ ਦੀ ਜਿ਼ੰਦਗੀ ਗੁਜ਼ਾਰ ਰਿਹਾ ਸੀ। ਉਨ੍ਹਾਂ ਲਈ ਜਿਸਮ-ਓ-ਜਾਨ ਦਾ ਰਿਸ਼ਤਾ ਕਾਇਮ ਰੱਖਣਾ ਵੀ ਮੁਸ਼ਕਿਲ ਸੀ; ਦੂਜੇ ਪਾਸੇ ਰਾਜਿਆਂ ਤੇ ਜਗੀਰਦਾਰਾਂ ਦੀ ਤਰਜ਼-ਏ-ਜਿ਼ੰਦਗੀ ਅੱਯਾਸ਼ੀਆਂ ਦੀ ਸਿਖਰ ਛੋਹ ਰਹੀ ਸੀ। ਇਨ੍ਹਾਂ ਸ਼ਾਹ ਖਰਚੀਆਂ ਨੂੰ ਕਾਇਮ ਰੱਖਣ ਲਈ ਮਹਿਸੂਲ ਵਿੱਚ ਮਨਮਾਨੇ ਅਤੇ ਲਗਾਤਾਰ ਵਾਧੇ ਕੀਤੇ ਜਾਂਦੇ ਸਨ। ਅਕਸਰ ਅਜਿਹਾ ਵੀ ਹੁੰਦਾ ਸੀ ਕਿ ਕਿਸਾਨਾਂ ਦਾ ਮਾਲ-ਡੰਗਰ ਤੇ ਸੰਦ-ਸੰਦੇੜਾ ਵੀ ਖੋਹ ਲਿਆ ਜਾਂਦਾ। ਇਸ ਤੋਂ ਬਿਨਾਂ ਸਰਕਾਰ ਦਾ ਵਗਾਰ ਕਰਵਾਉਣ ਦਾ ਰਿਕਾਰਡ ਵੀ ਮਿਲਦਾ ਹੈ। ਜਦ ਵੀ ਕਿਸੇ ਬਾਦਸ਼ਾਹ ਦਾ ਕਿਲਾ ਜਾਂ ਕੋਈ ਸ਼ਹਿਰ ਬਣਾਉਣਾ ਹੁੰਦਾ ਤਾਂ ਨੇੜਲੇ ਇਲਾਕਿਆਂ ਦੇ ਹਰ ਸ਼ਖ਼ਸ ਨੂੰ ਉਸਾਰੀ ਕੰਮਾਂ ਵਿੱਚ ਹਿੱਸਾ ਪਾਉਣ ਦਾ ਹੁਕਮ ਚਾੜ੍ਹਿਆ ਜਾਂਦਾ। ਇਸ ਹਾਲਾਤ ਤੋਂ ਲੋਕ ਤੰਗ ਆ ਚੁੱਕੇ ਸਨ ਤੇ ਬਗ਼ਾਵਤ ਦੀ ਕੰਨੀ ਉੱਤੇ ਹੀ ਖੜ੍ਹੇ ਸਨ। ਉਨ੍ਹਾਂ ਨੂੰ ਮਹਿਜ਼ ਢੁੱਕਵੀਂ ਅਗਵਾਈ ਦੀ ਉਡੀਕ ਸੀ, ਤੇ ਜਿਉਂ ਹੀ ਪੰਜਾਬ ਵਿੱਚ ਉਨ੍ਹਾਂ ਨੂੰ ਅਜਿਹੀ ਅਗਵਾਈ ਮਿਲੀ, ਉਨ੍ਹਾਂ ਸਰਕਾਰੀ ਕਾਫ਼ਲੇ ਲੁੱਟਣੇ ਸ਼ੁਰੂ ਕਰ ਦਿੱਤੇ।”

ਦੁੱਲੇ ਦੀ ਅਗਵਾਈ ਵਾਲੀ ਬਗ਼ਾਵਤ ਨੇ ਸਾਂਦਲ ਬਾਰ ਉੱਤੇ ਮੁਗਲੀਆ ਜਬਰ ਖ਼ਤਮ ਕਰ ਦਿੱਤਾ। ਬਾਦਸ਼ਾਹ ਅਕਬਰ ਇਨ੍ਹਾਂ ਬਗ਼ਾਵਤਾਂ ਤੋਂ ਇਸ ਕਦਰ ਪ੍ਰੇਸ਼ਾਨ ਹੋਇਆ ਕਿ ਉਸ ਨੇ ਆਪਣਾ ਤਖਤ ਦਿੱਲੀ ਛੱਡ ਕੇ ਲਾਹੌਰ ਕਰ ਲਿਆ ਜਿਹੜਾ ਉਸ ਵੇਲੇ ਅਕਾਲ ਦੀ ਮਾਰ ਹੇਠ ਸੀ। ਕਿਤਾਬ ‘ਆਈਨ-ਏ-ਅਕਬਰੀ’ ਮੁਤਾਬਿਕ ਹਾਲਤ ਅਜਿਹੀ ਸੀ ਕਿ ਲੋਕ ਸਿਰਫ ਭੋਜਨ ਬਦਲੇ ਕੰਮ ਕਰਨ ਨੂੰ ਤਿਆਰ ਸਨ। ਅਕਬਰ ਨੇ ਲਾਹੌਰ ਦੇ ਸ਼ਾਹੀ ਕਿਲੇ ਅਤੇ ਚਾਰਦੀਵਾਰੀ ਦੀ ਮਜ਼ਬੂਤੀ ਲਈ ਵਗਾਰ ਉੱਤੇ ਤਿੰਨ ਸਾਲ 25000 ਮਜ਼ਦੂਰਾਂ ਤੋਂ ਕੰਮ ਲਿਆ।

ਉੱਧਰ, ਪਿੰਡਾਂ ਵਿੱਚ ਵਧ ਰਹੇ ਲਗਾਨ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਸੀ। ਦੁੱਲਾ ਭੱਟੀ ਅਤੇ ਉਸ ਦੇ ਸਾਥੀ ਅਮੀਰ ਜਗੀਰਦਾਰਾਂ ਤੇ ਮੁਗਲ ਕਾਫ਼ਲਿਆਂ ਤੋਂ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦੇ। ਰਵਾਇਤ ਮੁਤਾਬਿਕ, ਅਕਬਰ ਨੇ ਦੁੱਲੇ ਭੱਟੀ ਨਾਲ ਰਾਜ਼ੀਨਾਮਾ ਕਰਨ ਲਈ ਉਸ ਨੂੰ ਲਾਹੌਰ ਆਉਣ ਦੀ ਪੇਸ਼ਕਸ਼ ਕੀਤੀ ਪਰ ਪੁੱਜਣ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਦੁੱਲੇ ਨੂੰ ਆਪਣੇ ਸਾਹਮਣੇ ਝੁਕਿਆ ਦੇਖਣ ਲਈ ਅਕਬਰ ਨੇ ਛੋਟੀ ਜਿਹੀ ਬਾਰੀ ਬਣਵਾਈ ਜਿਸ ਥਾਣੀਂ ਦੁੱਲੇ ਨੇ ਲੰਘਣਾ ਸੀ। ਸਾਹਮਣੇ ਉੱਚੀ ਥਾਂ ਉੱਤੇ ਬਾਦਸ਼ਾਹ ਦਾ ਤਖ਼ਤ ਲਾਇਆ ਗਿਆ ਪਰ ਜਦੋਂ ਦੁੱਲੇ ਨੂੰ ਬਾਰੀ ਥਾਣੀਂ ਲਿਜਾਇਆ ਜਾਣ ਲੱਗਾ ਤਾਂ ਉਸ ਨੇ ਬਾਰੀ ਵਿੱਚੋਂ ਆਪਣਾ ਸਿਰ ਪਹਿਲਾਂ ਕੱਢਣ ਦੀ ਥਾਂ ਆਪਣੇ ਪੈਰ ਪਹਿਲਾਂ ਦਾਖਲ ਕੀਤੇ। ਇਹ ਬਾਦਸ਼ਾਹ ਦੀ ਸ਼ਰੇਆਮ ਨਾਫਰਮਾਨੀ ਹੀ ਨਹੀਂ ਸਗੋਂ ਬੇਇਜ਼ਤੀ ਸੀ। ਦੁੱਲੇ ਨੂੰ ਝੁਕਾਉਣ ਲਈ ਲਾਲਚ ਦਿੱਤੇ, ਧਮਕਾਇਆ ਪਰ ਜਦ ਉਹ ਨਾ ਝੁਕਿਆ ਤਾਂ ਉਸ ਨੂੰ 26 ਮਾਰਚ 1589 ਨੂੰ ਨੌਲੱਖਾ ਬਾਜ਼ਾਰ ਲਾਹੌਰ ਵਿੱਚ ਸ਼ਰੇਆਮ ਸੂਲੀ ਟੰਗ ਦਿੱਤਾ ਗਿਆ। ਇਸ ਮੌਕੇ ਉੱਥੇ ਮਸ਼ਹੂਰ ਸ਼ਾਇਰ ਸ਼ਾਹ ਹੁਸੈਨ ਵੀ ਮੌਜੂਦ ਸੀ ਜਿਨ੍ਹਾਂ ਇਸ ਵਾਕੇ ਉੱਤੇ ਇਹ ਸਤਰਾਂ ਕਹੀਆਂ:

ਕਹੇ ਹੁਸੈਨ ਫ਼ਕੀਰ ਸਾਈਂ ਦਾ

ਤਖ਼ਤ ਨਾ ਮਿਲਦੇ ਮੰਗਿਆਂ।

ਪੰਜਾਬ ਦਾ ਇਹ ਯੋਧਾ ਆਪਣੀ ਕੁਰਬਾਨੀ ਸਦਕਾ ਕਿੱਸਿਆਂ, ਵਾਰਾਂ ਵਿੱਚ ਅਮਰ ਹੋ ਗਿਆ। ਅੱਜ ਭਾਵੇਂ ਉਹ ਦੌਰ ਨਹੀਂ ਰਿਹਾ, ਅੱਜ ਦਾ ਦੌਰ ਉਜਰਤੀ ਗੁਲਾਮੀ ਦਾ ਹੈ, ਸਰਮਾਏਦਾਰਾ ਲੁੱਟ ਹੈ। ਇਸ ਲਈ ਲੋਕਾਂ ਦੀ ਲੁੱਟ ਤੇ ਜਬਰ ਅੱਜ ਵੀ ਬਦਲੇ ਰੂਪ ਵਿੱਚ ਜਾਰੀ ਹੈ ਅਤੇ ਇਸ ਵਿਰੁੱਧ ਸੰਘਰਸ਼ ’ਚ ਦੁੱਲੇ ਭੱਟੀ ਵਰਗੇ ਨਾਇਕ ਸਾਡੇ ਪ੍ਰੇਰਨਾ ਸ੍ਰੋਤ ਨੇ।

ਸੰਪਰਕ: 98888-08188

Advertisement