ਦੁੱਲਤ ਦੇ ਦਾਅਵੇ ਬਾਰੇ ਆਪਣਾ ਰੁਖ਼ ਸਪੱਸ਼ਟ ਕਰਨ ਅਬਦੁੱਲ੍ਹਾ: ਮਹਿਬੂਬਾ
04:35 AM Apr 22, 2025 IST
ਜੰਮੂ: ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਨੈਸ਼ਨਲ ਕਾਨਫ਼ਰੰਸ ਅਤੇ ਇਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਨੂੰ ਭਾਰਤੀ ਖੁਫ਼ੀਆ ਏਜੰਸੀ ‘ਰਿਸਰਚ ਐਂਡ ਐਨਾਲਸਿਸ ਵਿੰਗ’ (ਰਾਅ) ਦੇ ਸਾਬਕਾ ਮੁਖੀ ਏਐੱਸ ਦੁੱਲਤ ਦੀ ਨਵੀਂ ਕਿਤਾਬ ਵਿੱਚ ਕੀਤੇ ਗਏ ਦਾਅਵੇ ਨੂੰ ਲੈ ਕੇ ਸਪੱਸ਼ਟੀਕਰਨ ਮੰਗਿਆ ਹੈ। ਦੁੱਲਤ ਨੇ ਕਿਹਾ ਹੈ ਕਿ ਜੇ ਅਬਦੁੱਲ੍ਹਾ ਨੂੰ ਵਿਸ਼ਵਾਸ ਵਿੱਚ ਲਿਆ ਗਿਆ ਹੁੰਦਾ ਤਾਂ ਉਹ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਦੀ ਤਜਵੀਜ਼ ਨੂੰ ਪਾਸ ਕਰਵਾਉਣ ਵਿੱਚ ਮਦਦ ਕਰਦੇ। ਦੁੱਲਤ ਦੀ ਕਿਤਾਬ ‘ਦਿ ਚੀਫ਼ ਮਿਨੀਸਟਰ ਐਂਡ ਦਿ ਸਪਾਈ’ ਵਿੱਚ ਕੀਤੇ ਗਏ ਖੁਲਾਸੇ ਨੂੰ ‘ਇਕ ਗੰਭੀਰ ਮਾਮਲਾ’ ਦੱਸਦੇ ਹੋਏ ਮਹਿਬੂਬਾ ਨੇ ਕਿਹਾ ਕਿ ਫਾਰੂਕ ਅਬਦੁੱਲ੍ਹਾ ਅਤੇ ਨੈਸ਼ਨਲ ਕਾਨਫ਼ਰੰਸ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਮਹਿਬੂਬਾ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਦੁੱਲਤ ਸਾਹਿਬ ਉਨ੍ਹਾਂ ਨਾਲ ਕਾਫੀ ਹਮਦਰਦੀ ਰੱਖਦੇ ਹਨ ਅਤੇ ਅਬਦੁੱਲ੍ਹਾ ਪਰਿਵਾਰ ਦੇ ਦੋਸਤ ਹਨ।’’ -ਪੀਟੀਆਈ
Advertisement
Advertisement