ਦਿੱਲੀ ਸਰਕਾਰ ਵੱਲੋਂ ਕੇਂਦਰ ਨਾਲ ਸਮਝੌਤਾ ਸਹੀਬੱਧ
ਨਵੀਂ ਦਿੱਲੀ, 5 ਅਪਰੈਲ
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (ਆਯੂਸ਼ਮਾਨ ਯੋਜਨਾ) ਨੂੰ ਲਾਗੂ ਕਰਨ ਲਈ ਅੱਜ ਕੇਂਦਰ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਇਸ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਵਾਲਾ 35ਵਾਂ ਰਾਜ ਅਤੇ ਕੇਂਦਰ ਪ੍ਰਦੇਸ਼ ਬਣ ਗਿਆ ਹੈ।
ਪੱਛਮੀ ਬੰਗਾਲ ਹੀ ਇੱਕ ਅਜਿਹਾ ਰਾਜ ਹੈ ,ਜਿੱਥੇ ਇਸ ਯੋਜਨਾ ਨੂੰ ਲਾਗੂ ਨਹੀਂ ਕੀਤਾ ਗਿਆ। ਆਯੂਸ਼ਮਾਨ ਭਾਰਤ ਯੋਜਨਾ 27 ਵਿਸ਼ੇਸ਼ ਰੋਗਾਂ, 1,961 ਸਿਹਤ ਪ੍ਰਕਿਰਿਆਵਾਂ ਲਈ ਮੁਫ਼ਤ ਅਤੇ ‘ਕੈਸ਼ਲੈਸ’ ਇਲਾਜ ਦਿੰਦੀ ਹੈ। ਇਸ ਵਿੱਚ ਦਵਾਈਆਂ, ਹਸਪਤਾਲ ਵਿੱਚ ਭਰਤੀ ਹੋਣ, ਆਈਈਸੀਯੂ ਦੇਖਭਾਲ, ਸਰਜਰੀ ਅਤੇ ਹੋਰ ਰੋਗ ਸ਼ਾਮਲ ਹਨ। ਇਸ ਯੋਜਨਾ ਤਹਿਤ ਦਿੱਲੀ ਵਿੱਚ ਲੋੜਵੰਦ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਵਾਰਸ਼ਿਕ ਸਿਹਤ ਬੀਮਾ ਸ਼ਾਮਲ ਹੈ। ਇਸ ਵਿੱਚ ਪੰਜ ਲੱਖ ਰੁਪਏ ਕੇਂਦਰ ਅਤੇ ਬਾਕੀ ਪੰਜ ਲੱਖ ਰੁਪਏ ਦਿੱਲੀ ਸਰਕਾਰ ਦੇਵੇਗੀ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਣੇ ਕਈ ਉੱਘੀਆਂ ਹਸਤੀਆਂ ਸ਼ਾਮਲ ਹਨ।
ਇਸ ਮੌਕੇ ਦਿੱਲੀ ਸਰਕਾਰ ਅਤੇ ਕੌਮੀ ਸਿਹਤ ਵਿਭਾਗ ਵਿੱਚ ਸਮਝੌਤੇ ’ਤੇ ਹਸਤਾਖਰ ਕੀਤੇ ਗਏ। ਸਮਝੌਤੇ ’ਤੇ ਹਸਤਾਖ਼ਰ ਕਰਨ ਮਗਰੋਂ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਰਜਿਸਟਰਡ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਨੱਢਾ ਨੇ ਸੰਬੋਧਨ ਕਰਦਿਆਂ ਸਮਝੌਤਾ ਕਰਨ ’ਤੇ ਦਿੱਲੀ ਦੀ ਮੁੱਖ ਮੰਤਰੀ ਰੇੇਖਾ ਗੁਪਤਾ ਨੂੰ ਵਧਾਈ ਦਿੱਤੀ। ਇਸ ਮੌਕੇ ਰੇਖਾ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਅਗਲੀ ਕਾਰਵਾਈ ਕੁੱਝ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ। -ਪੀਟੀਆਈ