ਦਹਿਸ਼ਤਗਰਦਾਂ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸੈਲਾਨੀਆਂ ਨੂੰ ਬਣਾਇਆ ਨਿਸ਼ਾਨਾ
ਅਜੈ ਬੈਨਰਜੀ
ਨਵੀਂ ਦਿੱਲੀ, 23 ਅਪਰੈਲ
ਜੰਮੂ ਕਸ਼ਮੀਰ ’ਚ ਪਹਿਲਗਾਮ ਨੇੜੇ ਬੈਸਰਨ ਦੇ ਹਰੇ-ਭਰੇ ਮੈਦਾਨੀ ਇਲਾਕੇ ’ਚ ਮੰਗਲਵਾਰ ਨੂੰ ਹੋਇਆ ਦਹਿਸ਼ਤੀ ਹਮਲਾ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ ਅਤੇ ਅਤਿਵਾਦੀਆਂ ਨੇ ਇਲਾਕੇ ਦੀ ਰੇਕੀ ਕਰਕੇ ਪਤਾ ਲਗਾਇਆ ਸੀ ਕਿ ਕਿਹੜੇ ਸਮੇਂ ’ਤੇ ਉਥੇ ਸੈਲਾਨੀਆਂ ਦੀ ਵੱਧ ਗਿਣਤੀ ਹੁੰਦੀ ਹੈ। ਇਹ ਇਲਾਕਾ ਪਹਿਲਗਾਮ ਤੋਂ ਕਰੀਬ ਛੇ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ ਅਤੇ ਉਥੇ ਸਿਰਫ਼ ਪੈਦਲ ਜਾਂ ਖੱਚਰਾਂ ਰਾਹੀਂ ਪਹੁੰਚਿਆ ਜਾ ਸਕਦਾ ਹੈ। ਪੂਰਾ ਇਲਾਕਾ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਉਥੇ ਇਕੋ ਇਕ ਕੱਚਾ ਰਾਹ ਹੈ ਜਿਸ ਰਾਹੀਂ ਬੈਸਰਨ ਤੱਕ ਪੁੱਜਣ ਲਈ ਕਰੀਬ 40 ਮਿੰਟ ਦਾ ਸਮਾਂ ਲਗਦਾ ਹੈ। ਚਾਰ ਚੁਫੇਰੇ ਦੀ ਹਰਿਆਲੀ ਨੂੰ ਦੇਖਦਿਆਂ ਇਲਾਕੇ ਨੂੰ ਮਿਨੀ ਸਵਿਟਜ਼ਰਲੈਂਡ ਵਜੋਂ ਜਾਣਿਆ ਜਾਂਦਾ ਹੈ ਅਤੇ ਸੈਲਾਨੀ ਇਸ ਦੀ ਖ਼ੂਬਸੂਰਤੀ ਨੂੰ ਦੇਖਣ ਲਈ ਮੰਗਲਵਾਰ ਦੁਪਹਿਰ ਇਕ ਵਜੇ ਉਥੇ ਪੁੱਜੇ ਸਨ ਅਤੇ ਉਨ੍ਹਾਂ ’ਤੇ ਦਹਿਸ਼ਤਗਰਦਾਂ ਨੇ ਢਾਈ ਵਜੇ ਦੇ ਕਰੀਬ ਹਮਲਾ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਫੌਰੀ ਰਿਐਕਸ਼ਨ ਟੀਮ (ਕਿਊਆਰਟੀ) ਮੌਕੇ ਤੋਂ ਕਾਫੀ ਦੂਰ ਸੀ ਅਤੇ ਉਸ ਨੂੰ ਇਲਾਕੇ ਤੱਕ ਪਹੁੰਚਣ ’ਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਣਾ ਸੀ ਜਿਸ ਦੀ ਜਾਣਕਾਰੀ ਸ਼ਾਇਦ ਦਹਿਸ਼ਤਗਰਦਾਂ ਕੋਲ ਪਹਿਲਾਂ ਹੀ ਸੀ। ਇਲਾਕੇ ਅਤੇ ਉਸ ਦੇ ਰਾਹ ’ਚ ਕੋਈ ਵੀ ਹਥਿਆਰਬੰਦ ਸੁਰੱਖਿਆ ਬਲ ਤਾਇਨਾਤ ਨਹੀਂ ਸੀ। ਹਥਿਆਰਬੰਦ ਦਹਿਸ਼ਤਗਰਦਾਂ ਨੇ ਸੈਲਾਨੀਆਂ ’ਚੋਂ ਹਿੰਦੂਆਂ ਨੂੰ ਵੱਖ ਕੀਤਾ ਅਤੇ ਆਪਣੀ ਨਾਪਾਕ ਹਰਕਤ ਨੂੰ 15 ਮਿੰਟ ’ਚ ਅੰਜਾਮ ਦੇ ਕੇ ਜੰਗਲ ਵੱਲ ਫਰਾਰ ਹੋ ਗਏ ਕਿਉਂਕਿ ਉਹ ਜਾਣਦੇ ਸਨ ਕਿ ਸੁਰੱਖਿਆ ਬਲਾਂ ਨੂੰ ਬੈਸਰਨ ਤੱਕ ਪਹੁੰਚਣ ’ਚ ਸਮਾਂ ਲੱਗੇਗਾ ਅਤੇ ਉਦੋਂ ਤੱਕ ਉਹ ਕਿਤੇ ਦੂਰ ਨਿਕਲ ਜਾਣਗੇ। ਅੰਦਰੂਨੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ’ਚ 125-130 ਦਹਿਸ਼ਤਗਰਦ ਹਨ ਜਿਨ੍ਹਾਂ ’ਚੋਂ 115 ਪਾਕਿਸਤਾਨੀ ਹਨ ਜੋ ਪਿਛਲੇ ਕੁਝ ਸਮੇਂ ਤੋਂ ਘੁਸਪੈਠ ਕਰਕੇ ਕਸ਼ਮੀਰ ’ਚ ਦਾਖ਼ਲ ਹੋਏ ਹਨ।
ਸੁਪਰੀਮ ਕੋਰਟ ਵੱਲੋਂ ਹਮਲੇ ਦੀ ਨਿੰਦਾ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਘਿਨਾਉਣੇ ਅਤਿਵਾਦੀ ਹਮਲੇ ’ਤੇ ਅੱਜ ਦੁੱਖ ਜ਼ਾਹਿਰ ਕਰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿਖ਼ਰਲੀ ਅਦਾਲਤ ਵਿੱਚ ਜੱਜਾਂ ਤੇ ਵਕੀਲਾਂ ਨੇ ਇਕ ਮਿੰਟ ਦਾ ਮੌਨ ਰੱਖ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਿਖ਼ਰਲੀ ਅਦਾਲਤ ਨੇ ਇਕ ਬਿਆਨ ਵਿੱਚ ਕਿਹਾ ਕਿ ਇਕ ਫੁੱਲ ਕੋਰਟ ਮੀਟਿੰਗ ਵਿੱਚ ਸਿਖ਼ਰਲੀ ਅਦਾਲਤ ਨੇ ਸਰਬਸੰਮਤੀ ਨਾਲ ਦਹਿਸ਼ਤੀ ਹਮਲੇ ਦੀ ਨਿੰਦਾ ਕਰਦੇ ਹੋਏ ਇਕ ਪ੍ਰਸਤਾਵ ਪਾਸ ਕੀਤਾ। -ਪੀਟੀਆਈ