ਦਰਿਆਵਾਂ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ: ਬੋਪਾਰਾਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
‘ਜਾਗੋ ਪੰਜਾਬ’ ਦੇ ਮੁਖੀ ਅਤੇ ਸਾਬਕਾ ਕੇਂਦਰੀ ਸਕੱਤਰ ਸਵਰਨ ਸਿੰਘ ਬੋਪਾਰਾਏ ਨੇ ਸਿੰਧੂ ਜਲ ਸਮਝੌਤੇ ਨੂੰ ‘ਇਤਿਹਾਸਕ ਗਲਤੀ’ ਕਰਾਰ ਦਿੰਦਿਆਂ ਜੇਹਲਮ, ਝਨਾਬ ਅਤੇ ਸਿੰਧੂ ਦੇ ਪਾਣੀ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬੋਪਾਰਾਏ ਨੇ ਕਿਹਾ ਕਿ ਇਨ੍ਹਾਂ ਦਰਿਆਵਾਂ ਦਾ 80 ਫ਼ੀਸਦ ਪਾਣੀ ਸਿੰਧੂ ਜਲ ਸੰਧੀ ਤਹਿਤ ਗੁਆਂਢੀ ਦੇਸ਼ ਨੂੰ ਗਲਤ ਢੰਗ ਨਾਲ ਦਿੱਤਾ ਗਿਆ ਸੀ, ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਰੁੱਧ ਸਿੰਧੂ ਜਲ ਸੰਧੀ ਦੇ ਮੁਅੱਤਲ ਹੋਣ ਨਾਲ ਪੰਜਾਬ ਨੂੰ ਦਰਿਆਈ ਪਾਣੀ ਦਾ ਆਪਣਾ ਬਣਦਾ ਹਿੱਸਾ ਮੁੜ ਪ੍ਰਾਪਤ ਕਰਨ ਦੀਆਂ ਨਵੀਆਂ ਉਮੀਦਾਂ ਜਾਗੀਆਂ ਹਨ। ਸ੍ਰੀ ਬੋਪਾਰਾਏ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ, ਜਿਸ ਕਰਕੇ ਭਵਿੱਖ ਵਿੱਚ ਪੰਜਾਬ ’ਚ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ। ਸੂਬੇ ਨਾਲ ਹੋਏ ਗੰਭੀਰ ਅਨਿਆਂ ਨੂੰ ਦੂਰ ਕਰਨ ਲਈ ਜੇਹਲਮ, ਝਨਾਬ ਅਤੇ ਸਿੰਧੂ ਦੇ ਪਾਣੀਆਂ ਨੂੰ ਪੰਜਾਬ ਵੱਲ ਮੋੜਨਾ ਜ਼ਰੂਰੀ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਉਸ ਨੇ ਪਿਛਲੇ ਸਮੇਂ ਵਿੱਚ ਪੰਜਾਬ ਨੂੰ ਇਸ ਦੇ ਕੁਦਰਤੀ ਸਰੋਤ ਦਰਿਆਈ ਪਾਣੀ ਤੋਂ ਵਾਂਝਾ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਢੇ ਵਰਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਦੀ ਦੁਰਵਰਤੋਂ ਜਾਣਬੁੱਝ ਕੇ ਕੀਤੀ ਜਾ ਰਹੀ ਹੈ, ਜੋ ਕਿ ਬੇਇਨਸਾਫ਼ੀ ਹੈ। ਦਰਿਆਈ ਪਾਣੀ ਨੂੰ ਪੰਜਾਬ ਨੂੰ ਵਾਪਸ ਕਰਨਾ ਨਾ ਸਿਰਫ਼ ਜਾਇਜ਼ ਹੈ, ਸਗੋਂ ਇਸ ਖੇਤਰ ਦੇ ਬਚਾਅ ਅਤੇ ਖੁਸ਼ਹਾਲੀ ਲਈ ਵੀ ਜ਼ਰੂਰੀ ਹੈ।