ਥਾਣਾ ਕਬਰਵਾਲਾ ਦੀ ਹਵਾਲਾਤ ਵਿੱਚੋਂ ਫ਼ਰਾਰ ਤਿੰਨੋਂ ਮੁਲਜ਼ਮ ਕਾਬੂ
ਇਕਬਾਲ ਸਿੰਘ ਸ਼ਾਂਤ
ਲੰਬੀ, 14 ਅਪਰੈਲ
ਥਾਣਾ ਕਬਰਵਾਲਾ ਦੀ ਹਵਾਲਾਤ ’ਚੋਂ ਫਰਾਰ ਹੋਏ ਤਿੰਨੋਂ ਮੁਲਜ਼ਮਾਂ ਨੂੰ ਪੁਲੀਸ ਨੇ 36 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲੀਸ ਮੁਖੀ ਅਖਿਲ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। 3.30 ਕੁਇੰਟਲ ਚੂਰਾ ਪੋਸਤ ਮਾਮਲੇ ਦੇ ਫਰਾਰ ਮੁਲਜ਼ਮ ਬਾਬੂ ਸਿੰਘ ਨੂੰ ਬੀਤੇ ਦਿਨ ਸ੍ਰੀ ਮੁਕਤਸਰ ਸਾਹਿਬ ਤੋਂ ਕਾਬੂ ਕੀਤਾ ਗਿਆ ਸੀ, ਦੂਜਾ ਮੁਲਜ਼ਮ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਗਿਆ ਅਤੇ ਤੀਜੇ ਦੀ ਗ੍ਰਿਫ਼ਤਾਰੀ ਅੱਜ ਤੜਕੇ ਹੀ ਹੋਈ ਹੈ।
ਦੋ ਵੱਖ-ਵੱਖ ਮੁਕੱਦਮਿਆਂ ਵਿਚ ਗ੍ਰਿਫਤਾਰ ਤਿੰਨੋਂ ਮੁਲਜ਼ਮ ਪਰਸੋਂ ਰਾਤ ਨੂੰ ਥਾਣਾ ਕਬਰਵਾਲਾ ਦੀ ਹਵਾਲਾਤ ਦਾ ਜੰਗਲਾ ਤੋੜ ਕੇ ਫਰਾਰ ਹੋ ਗਏ ਸਨ। ਹਵਾਲਾਤ ਤੋੜਨ ਦੀ ਘਟਨਾ ਥਾਣਾ ਕਬਰਵਾਲਾ ਦੀ ਇਮਾਰਤ ਕਾਫੀ ਖਸਤਾ ਹਾਲਤ ਹੋਣ ਕਾਰਨ ਵਾਪਰੀ। ਮੁਲਜ਼ਮ ਇਸ ਦਾ ਲਾਹਾ ਲੈਂਦਿਆਂ ਜੰਗਾਲ ਖਾਧਾ ਜੰਗਲਾ ਤੋੜ ਕੇ ਭੱਜ ਗਏ ਸਨ। ਪੁਲੀਸ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਜ਼ਿਲ੍ਹਾ ਪੁਲੀਸ ਦਾ ਸਮੁੱਚਾ ਅਮਲਾ ਮੁਲਜ਼ਮਾਂ ਦੀ ਮੁੜ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਕਾਰਵਾਈ ਕਰ ਰਿਹਾ ਸੀ। ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਕਬਰਵਾਲਾ ਦੇ ਮੁਖੀ ਦਵਿੰਦਰ ਕੁਮਾਰ ਅਤੇ ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਹੈ।
ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਨਐਸ ਦੀ ਧਾਰਾ 260 ਅਤੇ 261 ਤਹਿਤ ਤਿੰਨੇ ਫਰਾਰ ਮੁਲਜ਼ਮਾਂ ਤੋਂ ਇਲਾਵਾ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਡਿਊਟੀ ਅਫਸਰ ਏਐੱਸਆਈ ਜਰਨੈਲ ਸਿੰਘ, ਉਪ ਮੁਨਸ਼ੀ (ਨਾਈਟ) ਨਰਿੰਦਰ ਸਿੰਘ ਤੇ ਤਿੰਨ ਹੋਮ ਗਾਰਡ ਮੁਲਾਜ਼ਮਾਂ ਰਣਜੀਤ ਸਿੰਘ, ਮਨਜੀਤ ਸਿੰਘ ਅਤੇ ਮਹਿਤਾਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।