ਤੀਰਅੰਦਾਜ਼ੀ ਵਿਸ਼ਵ ਕੱਪ: ਭਾਰਤ ਨੇ ਕੰਪਾਊਂਡ ਵਰਗ ਵਿੱਚ ਪੰਜ ਤਗ਼ਮੇ ਜਿੱਤੇ
ਸ਼ੰਘਾਈ, 10 ਮਈ
ਮਧੁਰਾ ਧਮਨਗਾਓਂਕਰ ਨੇ ਕੌਮੀ ਟੀਮ ਵਿੱਚ ਤਿੰਨ ਸਾਲ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅੱਜ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 2 ਦੇ ਕੰਪਾਊਂਡ ਵਰਗ ਦੇ ਵਿਅਕਤੀਗਤ ਈਵੈਂਟ ਵਿੱਚ ਸੋਨ ਤਗਮਾ, ਜਦਕਿ ਟੀਮ ਈਵੈਂਟ ਵਿੱਚ ਚਾਂਦੀ ਤੇ ਕਾਂਸੇ ਦੇ ਤਗ਼ਮੇ ਜਿੱਤੇ।
ਭਾਰਤ ਨੇ ਅੱਜ ਕੰਪਾਊਂਡ ਸ਼੍ਰੇਣੀ ਵਿੱਚ ਦੋ ਸੋਨੇ, ਇੱਕ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ। 24 ਸਾਲਾ ਖਿਡਾਰਨ ਨੇ ਅਮਰੀਕਾ ਦੀ ਕਾਰਸਨ ਕਰਾਹੇ ਨੂੰ 139-138 ਨਾਲ ਹਰਾ ਕੇ ਵਿਸ਼ਵ ਕੱਪ ਦੇ ਵਿਅਕਤੀਗਤ ਵਰਗ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ। ਮਹਾਰਾਸ਼ਟਰ ਦੀ ਇਸ ਖਿਡਾਰਨ ਨੇ ਇਸ ਤੋਂ ਪਹਿਲਾਂ ਮਹਿਲਾ ਟੀਮ ਵਰਗ ਵਿੱਚ ਚਾਂਦੀ ਅਤੇ ਅਭਿਸ਼ੇਕ ਵਰਮਾ ਨਾਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਮਧੁਰਾ ਨੇ ਮੇਡੇਲਿਨ ਵਿੱਚ 2022 ਦੇ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ ਚਾਰ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਇਸ ਤੋਂ ਪਹਿਲਾਂ ਕੰਪਾਊਂਡ ਪੁਰਸ਼ ਟੀਮ ਨੇ ਸੋਨੇ, ਮਹਿਲਾ ਟੀਮ ਨੇ ਚਾਂਦੀ ਅਤੇ ਮਿਕਸਡ ਟੀਮ ਨੇ ਕਾਂਸੇ ਦਾ ਤਗਮਾ ਜਿੱਤਿਆ ਸੀ।
ਅਭਿਸ਼ੇਕ ਵਰਮਾ, ਓਜਸ ਦਿਓਤਲੇ ਅਤੇ ਰਿਸ਼ਭ ਯਾਦਵ ਦੀ ਪੁਰਸ਼ ਟੀਮ ਨੇ ਫਾਈਨਲ ਵਿੱਚ ਮੈਕਸੀਕੋ ਨੂੰ 232-228 ਨਾਲ ਹਰਾਇਆ। ਇਸੇ ਤਰ੍ਹਾਂ ਰਿਸ਼ਭ ਨੇ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੇ ਕਿਮ ਜੋਂਗਹੋ ਨੂੰ ਕਾਂਸੀ ਦੇ ਤਗਮੇ ਦੇ ਰੋਮਾਂਚਕ ਮੁਕਾਬਲੇ ਵਿੱਚ ਹਰਾਇਆ।
ਜਯੋਤੀ ਸੁਰੇਖਾ ਵੇਨਮ, ਮਧੁਰਾ ਅਤੇ ਚਿਕਿਤਾ ਦੀ ਟੀਮ ਮਹਿਲਾ ਕੰਪਾਊਂਡ ਫਾਈਨਲ ਵਿੱਚ ਮੈਕਸੀਕੋ ਦੀ ਚੁਣੌਤੀ ਨੂੰ ਪਾਰ ਕਰਨ ਵਿੱਚ ਅਸਫਲ ਰਹੀ ਪਰ ਉਸ ਨੇ ਪੋਡੀਅਮ ’ਤੇ ਜਗ੍ਹਾ ਪੱਕੀ ਕੀਤੀ। ਵਰਮਾ ਅਤੇ ਮਧੁਰਾ ਦੀ ਭਾਰਤੀ ਮਿਕਸਡ ਟੀਮ ਨੇ ਤੀਜੇ ਸਥਾਨ ਦੇ ਪਲੇਅਆਫ ਵਿੱਚ ਮਲੇਸ਼ੀਆ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ