ਡੀਡੀਪੀਓ ਵੱਲੋਂ ਤੰਗੌਰੀ ਦਾ ਸਰਪੰਚ ਮੁਅੱਤਲ
ਕਰਮਜੀਤ ਸਿੰਘ ਚਿੱਲਾ
ਬਨੂੜ, 7 ਮਈ
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੁਹਾਲੀ ਵੱਲੋਂ ਪਿੰਡ ਤੰਗੌਰੀ ਦੇ ਸਰਪੰਚ ਜਗਜੀਤ ਸਿੰਘ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਡੀਪੀਓ ਵੱਲੋਂ ਇਹ ਹੁਕਮ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20(4) ਤਹਿਤ ਦਿੱਤੇ ਗਏ ਹਨ।
ਉਨ੍ਹਾਂ ਬੀਡੀਪੀਓ ਮੁਹਾਲੀ ਨੂੰ ਸਰਪੰਚ ਕੋਲੋਂ ਪੰਚਾਇਤ ਦਾ ਮੁਕੰਮਲ ਚਾਰਜ ਤੁਰੰਤ ਵਾਪਸ ਲੈ ਕੇ ਅਧਿਕਾਰਤ ਪੰਚ ਦੀ ਚੋਣ ਕਰਾਉਣ ਲਈ ਵੀ ਕਿਹਾ ਹੈ।
ਡੀਡੀਪੀਓ ਵੱਲੋਂ ਇਹ ਕਾਰਵਾਈ ਪਿੰਡ ਤੰਗੌਰੀ ਦੇ ਸਾਬਕਾ ਪੰਚ ਬਲਦੇਵ ਸਿੰਘ ਦੀ ਸ਼ਿਕਾਇਤ ਉੱਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਗਰਾਮ ਪੰਚਾਇਤ ਤੰਗੌਰੀ ਨੇ ਬਿਨਾਂ ਕੋਈ ਮਤਾ ਪਾਇਆਂ ਅਤੇ ਬਿਨਾਂ ਬੋਲੀ ਕਰਵਾਇਆਂ ਪੰਚਾਇਤੀ ਜ਼ਮੀਨ ਵਿੱਚੋਂ 15-20 ਸਾਲ ਪੁਰਾਣੇ 80-90 ਦੇ ਕਰੀਬ ਦਰੱਖਤ ਕਟਵਾ ਦਿੱਤੇ ਹਨ। ਡੀਡੀਪੀਓ ਵੱਲੋਂ ਇਸ ਸਬੰਧੀ ਬੀਡੀਪੀਓ ਤੋਂ ਵੀ ਰਿਪੋਰਟ ਹਾਸਲ ਕੀਤੀ। ਡੀਡੀਪੀਓ ਨੇ ਆਪਣੇ ਹੁਕਮਾਂ ਵਿੱਚ ਆਖਿਆ ਕਿ ਉਨ੍ਹਾਂ ਸਬੰਧਤ ਥਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਲਿਖਿਆ ਕਿ ਸਰਪੰਚ ਵੱਲੋਂ ਇਹ ਕਿਹਾ ਗਿਆ ਸੀ ਕਿ ਸਬੰਧਤ ਦਰੱਖਤ ਪੰਚਾਇਤ ਨੇ ਨਹੀਂ ਸਗੋਂ ਕਿਸੇ ਨੇ ਚੋਰੀ ਕੱਟ ਲਏ ਹਨ। ਇਸ ਦੀ ਥਾਣੇ ਵਿੱਚ ਐੱਫਆਈਆਰ ਦਰਜ ਕਰਾਈ ਗਈ ਹੈ ਪਰ ਸਰਪੰਚ ਅਤੇ ਪੰਚਾਇਤ ਸਕੱਤਰ ਐੱਫਆਈਆਰ ਦੀ ਕਾਪੀ ਪੇਸ਼ ਨਹੀਂ ਕਰ ਸਕੇ ਅਤੇ ਨਾ ਹੀ ਕੋਈ ਹੋਰ ਸਬੂਤ ਦੇ ਸਕੇ। ਡੀਡੀਪੀਓ ਨੇ ਸਰਪੰਚ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੰਦਿਆਂ ਕੱਟੇ ਗਏ ਦਰੱਖਤਾਂ ਦੀ ਵਣ ਮੰਡਲ ਅਫ਼ਸਰ ਤੋਂ ਅਸੈੱਸਮੈਂਟ ਕਰਾਉਣ ਦੇ ਵੀ ਨਿਰਦੇਸ਼ ਦਿੱਤੇ ਹਨ ਤਾਂ ਕਿ ਨਾਜਾਇਜ਼ ਕਟਾਈ ਕਰਨ ਵਾਲਿਆਂ ਤੋਂ ਵਿੱਤੀ ਨੁਕਸਾਨ ਦੀ ਭਰਪਾਈ ਕਰਾਈ ਜਾ ਸਕੇ।