ਡੀਟੀਐੱਫ ਵੱਲੋਂ ਨਵੀਂ ਸਿੱਖਿਆ ਨੀਤੀ-2020 ’ਤੇ ਕਨਵੈਨਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਪਰੈਲ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਕੌਮੀ ਸਿੱਖਿਆ ਨੀਤੀ ਦੇ ਮਾਰੂ ਪ੍ਰਭਾਵਾਂ ਅਤੇ ਪੰਜਾਬ ਦੇ ਸਿੱਖਿਆ ਸਰੋਕਾਰਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਬਾਬਾ ਸੋਹਣ ਸਿੰਘ ਭਕਨਾ ਹਾਲ ਵਿਖੇ ਚੇਤਨਾ ਕਨਵੈਨਸ਼ਨ ਕੀਤੀ ਗਈ। ਇਸ ਦੌਰਾਨ ਨਵੀਂ ਿਸੱਖਿਆ ਨੀਤੀ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਕਨਵੈਨਸ਼ਨ ਦੇ ਮੁੱਖ ਬੁਲਾਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਪ੍ਰੋ. ਡਾ. ਵਿਕਾਸ ਵਾਜਪਾਈ ਨੇ ਨਵੀਂ ਸਿੱਖਿਆ ਨੀਤੀ-2020 ਰਾਹੀਂ ਡਿਜ਼ਟਲੀਕਰਨ ਨੂੰ ਉਤਸ਼ਾਹਿਤ ਕਰਦਿਆਂ ਅਧਿਆਪਕਾਂ ਦੀ ਘਾਟ ਨੂੰ ਹੋਰ ਤਕਨੀਕੀ ਅਤੇ ਬਦਲਾਂ ਰਾਹੀਂ ਖਤਮ ਕਰਕੇ ਸਿੱਖਿਆ ਨੂੰ ਨਿਵਾਣ ਵੱਲ ਲਿਜਾਣ ਵੱਲ ਵਧਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਡਿਜੀਟਲੀਕਰਨ ਨਾਲ ਜੋੜ ਕੇ ਸਿੱਖਿਆ ਦੇ ਡਿਜ਼ੀਟਲੀਕਰਨ ਵਿੱਚ ਵਾਧੇ ਦੀ ਅਤੇ ਆਉਣ ਵਾਲੇ 15 ਸਾਲਾਂ ਵਿੱਚ ਇੱਕ ਤਿਹਾਈ ਯੂਨੀਵਰਸਿਟੀਆਂ ਬੰਦ ਕਰਨ ਦੀ ਯੋਜਨਾਬੰਦੀ ਕਰ ਲਈ ਗਈ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਜਿਵੇਂ ਤਿੰਨ ਖੇਤੀ ਕਾਨੂੰਨਾਂ ਨੇ ਆਮ ਲੋਕਾਂ ਤੋਂ ਖੇਤੀ ਖੋਹ ਲੈਣੀ ਸੀ, ਠੀਕ ਉਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਨੇ ਆਮ ਲੋਕਾਂ ਤੋਂ ਸਿੱਖਿਆ ਖੋਹ ਲੈਣੀ ਹੈ। ਪੰਜਾਬ ਸਰਕਾਰ ਵੱਲੋਂ ਪ੍ਰਚਾਰੀ ਜਾ ਰਹੀ ਸਿੱਖਿਆ ਕ੍ਰਾਂਤੀ ਨੂੰ ਕਾਰਪੋਰੇਟਾਂ ਲਈ ਸਿੱਖਿਆ ਕ੍ਰਾਂਤੀ ਤਾਂ ਹੋ ਸਕਦੀ ਹੈ, ਪਰ ਆਮ ਲੋਕਾਂ ਦੀ ਸਿੱਖਿਆ ਦੀ ਤਬਾਹੀ ਦੀ ਸਾਜ਼ਿਸ਼ ਹੈ। ਕਨਵੈਨਸ਼ਨ ਦੇ ਵਿਸ਼ੇਸ਼ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋ. ਜੋਗਾ ਸਿੰਘ ਨੇ ਮਾਤ ਭਾਸ਼ਾ ਦੀ ਮਹੱਤਤਾ ਜ਼ੋਰ ਦਿੱਤਾ।
ਇਸ ਮੌਕੇ ਰਾਜੀਵ ਬਰਨਾਲਾ ਨੇ ਕੇਂਦਰ ਸਰਕਾਰ ਤੋਂ ਸਿੱਖਿਆ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰਾਉਣ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਦੇ ਡੀਟੀਐੱਫ ਵਿਰੋਧੀ ਬਿਆਨ ਦੀ ਨਿਖੇਧੀ ਮਤੇ ਪੜ੍ਹੇ ਅਤੇ ਕਨਵੈਨਸ਼ਨ ਵੱਲੋਂ ਸਰਵਸੰਮਤੀ ਨਾਲ ਮਤੇ ਪਾਸ ਕੀਤੇ ਗਏ। ਸੂਬਾ ਮੀਤ ਪ੍ਰਧਾਨ ਬੇਅੰਤ ਫੂਲੇਵਾਲਾ ਨੇ ਮੁੱਖ ਮੰਤਰੀ ਨੂੰ ਦਿੱਤਾ ਜਾਣ ਮੰਗ ਪੱਤਰ ਪੜ੍ਹਿਆ।