ਡੀਜੀਪੀ ਵੱਲੋਂ ਕੇਂਦਰੀ ਜੇਲ੍ਹ ’ਚ ਚੱਲ ਰਹੀ ਤਲਾਸ਼ੀ ਮੁਹਿੰਮ ਦਾ ਜਾਇਜ਼ਾ
ਜਗਤਾਰ ਸਿੰਘ ਲਾਂਬਾ
ਅੰਮਿਤਸਰ, 15 ਅਪਰੈਲ
ਰੇਲਵੇ ਪੁਲੀਸ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਅੱਜ ਇੱਥੇ ਸਥਾਨਕ ਕੇਂਦਰੀ ਜੇਲ ਵਿੱਚ ਚੱਲ ਰਹੇ ਸਰਚ ਅਪਰੇਸ਼ਨ ਦਾ ਜਾਇਜ਼ਾ ਲਿਆ ਹੈ। ਇਹ ਸਰਚ ਆਪਰੇਸ਼ਨ ਸਥਾਨਕ ਪੁਲੀਸ ਅਤੇ ਜੇਲ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ।
ਰੇਲਵੇ ਪੁਲੀਸ ਦੀ ਸਪੈਸ਼ਲ ਡੀਜੀਪੀ ਵੱਲੋਂ ਸਰਚ ਅਪਰੇਸ਼ਨ ਦੇ ਲਏ ਗਏ ਜਾਇਜ਼ੇ ਸਮੇਂ ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਗਤੀਵਿਧੀਆਂ ਨੂੰ ਚੈੱਕ ਕਰਨ ਲਈ ਲਗਭਗ 180 ਪੁਲੀਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਨਿਗਰਾਨੀ ਡੀਐੱਸਪੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਸੀ। ਇਸ ਮੌਕੇ ਜੇਲ੍ਹ ਦੀਆਂ ਬੈਰਕਾਂ ਅਤੇ ਆਲੇ ਦੁਆਲੇ ਦੇ ਖੇਤਰ ਨੂੰ ਜਾਂਚਿਆ ਗਿਆ ਹੈ ਅਤੇ ਤਲਾਸ਼ੀ ਲਈ ਗਈ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਇਕ ਮਾਰਚ ਤੋਂ ਸ਼ੁਰੂ ਕੀਤਾ ਹੋਇਆ ਹੈ, ਜਿਸ ਦੇ ਚੰਗੇ ਸਿੱਟੇ ਮਿਲੇ ਹਨ। ਪੁਲੀਸ ਨੇ ਵੱਖ-ਵੱਖ ਥਾਣਿਆਂ ਅਤੇ ਸਟਾਫ ਦੀ ਸ਼ਮੂਲੀਅਤ ਨਾਲ ਹੁਣ ਤੱਕ ਕੀਤੀ ਗਈ ਕਾਰਵਾਈ ਤਹਿਤ ਲਗਭਗ 177 ਕੇਸ ਦਰਜ ਕੀਤੇ ਹਨ ਅਤੇ 340 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਅਪਰੇਸ਼ਨ ਤਹਿਤ ਹੁਣ ਤੱਕ 42 ਕਿਲੋ ਤੋਂ ਵੱਧ ਹੈਰੋਇਨ, ਦੋ ਕਿਲੋ ਤੋਂ ਵੱਧ ਅਫੀਮ, 5513 ਨਸ਼ੀਲੇ ਕੈਪਸੂਲ, 17 ਲੱਖ ਤੋਂ ਵੱਧ ਰੁਪਏ ਦੀ ਡਰੱਗ ਮਨੀ ਅਤੇ 24 ਵਾਹਨ ਬਰਾਮਦ ਕੀਤੇ ਜਾ ਚੁੱਕੇ ਹਨ ।ਇਸ ਤੋਂ ਇਲਾਵਾ ਐਨਡੀਪੀਐਸ ਐਕਟ ਹੇਠ ਵੱਖ-ਵੱਖ ਕੇਸਾਂ ਵਿੱਚ ਲੁੜੀਂਦੇ 14 ਭਗੋੜੇ ਮੁਲਜ਼ਮ ਵੀ ਗ੍ਰਿਫਤਾਰ ਕੀਤੇ ਹਨ।