ਡਾਕ ਐਤਵਾਰ ਦੀ
ਧੜੇਬੰਦਕ ਲੜਾਈ ਅਤੇ ਸਿੱਖ ਸੰਸਥਾਵਾਂ
ਐਤਵਾਰ 16 ਮਾਰਚ ਦੇ ‘ਦਸਤਕ’ ਅੰਕ ਵਿੱਚ ਜਗਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਜਥੇਦਾਰਾਂਂ ਨੂੰ ਅਹੁਦਿਆਂ ਤੋਂ ਹਟਾਉਣ ’ਤੇ ਚਿੰਤਾ ਪ੍ਰਗਟਾਈ ਹੈ। ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਬੁਲਾ ਕੇ ਉਸ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾ ਕੇ ਸਿੱਖ ਧਰਮ ਦਾ ਇਤਿਹਾਸ ਰਚਿਆ ਸੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਰਹੂੁਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ-ਏ-ਕੌਮ’ ਖਿਤਾਬ ਖੋਹ ਕੇ ਇਤਿਹਾਸ ਦੁਹਰਾਇਆ।
ਗੁਰਮੁਖ ਸਿੰਘ ਪੋਹੀੜ, ਲੁਧਿਆਣਾ
ਭਾਸ਼ਾ ਬਾਰੇ ਫ਼ਿਕਰਮੰਦੀ
ਐਤਵਾਰ 9 ਮਾਰਚ ਦੇ ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਦਸਤਕ’ ਅੰਕ ਵਿੱਚ ਪ੍ਰਕਾਸ਼ਿਤ ਨਿਸ਼ਠਾ ਸੂਦ ਦਾ ਮਜ਼ਮੂਨ ‘ਭਾਸ਼ਾ ਅਤੇ ਸ਼ਨਾਖ਼ਤ ਦੀ ਲੜਾਈ’ ਮਾਤ-ਭਾਸ਼ਾ ਪ੍ਰੇਮੀਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਅਸਲ ਵਿੱਚ ਭਾਸ਼ਾ ਕੇਵਲ ਬੋਲਚਾਲ ਜਾਂ ਭਾਵਨਾਵਾਂ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮਾਧਿਅਮ ਹੀ ਨਹੀਂ ਹੈ ਸਗੋਂ ਇਸ ਦੇ ਜ਼ਰੀਏ ਸਦੀਆਂ ਤੋਂ ਮਨੁੱਖ ਨਾਲ ਚੱਲਦੀ ਆ ਰਹੀ ਵਿਰਾਸਤੀ ਜਾਂ ਸੱਭਿਆਚਾਰਕ ਪਛਾਣ ਵੀ ਰੂਪਮਾਨ ਹੁੰਦੀ ਹੈ। ਭਾਸ਼ਾ ਦੇ ਪਰਦੇ ਹੇਠ ਹੁੰਦੀ ਸੌੜੀ ਸਿਆਸਤ ਸਥਾਨਕ ਭਾਸ਼ਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਆਈ ਹੈ। ਕਿਸੇ ਹੋਰ ਮੁੱਖ ਭਾਸ਼ਾ ਨੂੰ ਉਪ-ਭਾਸ਼ਾਵਾਂ ਉੱਪਰ ਜਬਰੀ ਥੋਪ ਕੇ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਮਾਨਵਤਾ ਦੇ ਹਿਤ ਵਿੱਚ ਨਹੀਂ। ਸਾਰੀਆਂ ਜ਼ੁਬਾਨਾਂ ਪ੍ਰਤੀ ਸਮ-ਦ੍ਰਿਸ਼ਟੀ ਵਾਲਾ ਨਜ਼ਰੀਆ ਅਪਣਾਉਣ ਦੀ ਲੋੜ ਹੈ ਤਾਂ ਜੋ ਹਰ ਭਾਸ਼ਾ ਦੀ ਪਛਾਣ ਅਤੇ ਗੌਰਵ ਬਰਕਰਾਰ ਰਹਿ ਸਕੇ।
ਡਾ. ਦਰਸ਼ਨ ਸਿੰਘ ‘ਆਸ਼ਟ’, ਪਟਿਆਲਾ
ਸੋਚਣ ਨੂੰ ਮਜਬੂਰ ਕਰਦਾ ਲੇਖ
ਐਤਵਾਰ 9 ਫਰਵਰੀ ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਸੋਚ ਸੰਗਤ’ ਪੰਨੇ ਉੱਤੇ ਅਮਨਦੀਪ ਕੌਰ ਦਿਓਲ ਦਾ ਲੇਖ ‘ਗੁੰਮ ਹੋਈਆਂ ਧੀਆਂ’ ਪੜ੍ਹਿਆ, ਜੋ ਸੋਚਣ ਨੂੰ ਮਜਬੂਰ ਕਰਨ ਵਾਲਾ ਸੀ। ਔਰਤ ਅਤੇ ਆਦਮੀ ਦੋਵਾਂ ਨਾਲ ਹੀ ਸਾਡੇ ਸਮਾਜ ਦੀ ਸਿਰਜਣਾ ਤੇ ਸੰਤੁਲਨ ਸੰਭਵ ਹੈ। ਪੁਰਸ਼ ਪ੍ਰਧਾਨ ਸਮਾਜ ਵਿੱਚ ਔਰਤ ਹੁਣ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧਣ ਲੱਗੀ ਹੈ ਪਰ ਸਮਾਜ ਵਿੱਚ ਉਸ ਦਾ ਮਾਣ ਅਤੇ ਆਬਰੂ ਸੁਰੱਖਿਅਤ ਨਹੀਂ। ਪਹਿਲੀ ਗੱਲ ਤਾਂ ਔਰਤਾਂ ਅਜਿਹੀ ਗੱਲ ਦੀ ਸ਼ਿਕਾਇਤ ਨਹੀਂ ਕਰਦੀਆਂ ਅਤੇ ਜੇਕਰ ਨਿਆਂ ਲਈ ਗੁਹਾਰ ਲਾਉਂਦੀਆਂ ਵੀ ਹਨ ਤਾਂ ਨਿਆਂ ਦੀ ਉਡੀਕ ਵਿੱਚ ਜ਼ਿੰਦਗੀ ਲੰਘ ਜਾਂਦੀ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਕੰਮਕਾਜੀ ਔਰਤਾਂ ਦਾ ਦੂਹਰਾ ਬੋਝ
ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਰ ਘਰੇਲੂ ਔਰਤ, ਮਰਦਾਂ ਤੋਂ ਵੱਧ ਚੁੱਕ ਲੈਂਦੀ ਹੈ। ਕੰਮਕਾਜੀ ਔਰਤ ਦਾ ਇਹ ਬੋਝ ਸੁਭਾਵਿਕ ਤੌਰ ’ਤੇ ਦੁੱਗਣਾ ਹੋ ਜਾਂਦਾ ਹੈ। ਘਰ ਤੇ ਨੌਕਰੀ ਦੋਵੇਂ ਥਾਵਾਂ ’ਤੇ ਸੰਤੁਲਨ ਬਣਾਈ ਰੱਖਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਰਵਿੰਦਰ ਜੌਹਲ ਦਾ ਲੇਖ ਇਸੇ ਹਕੀਕਤ ਨੂੰ ਬਾਖ਼ੂਬੀ ਬਿਆਨ ਕਰਦਾ ਹੈ। ਔਰਤ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਕਈ ਮੁਸ਼ਕਿਲਾਂ ਪਾਰ ਕਰ ਜਾਂਦੀ ਹੈ। ਕੰਮਕਾਜੀ ਔਰਤ ਘਰ ਦੀ ਆਰਥਿਕ ਬਿਹਤਰੀ ਤੇ ਆਤਮ-ਨਿਰਭਰ ਹੋਣ ਲਈ ਯਤਨਸ਼ੀਲ ਰਹਿੰਦੀ ਹੈ। ਬਰਾਬਰੀ ਦੇ ਹੱਕਾਂ ਨੂੰ ਜਾਣਨ ਤੇ ਸਮਝਣ ਦੇ ਬਾਵਜੂਦ ਜਦੋਂ ਕਿਸੇ ਮੌਕੇ ਉਹ ਘਰ-ਪਰਿਵਾਰ ’ਚ ਆਪਣੇ ਲਈ ਸਹਿਯੋਗ ਦੀ ਗੁਹਾਰ ਲਗਾਉਂਦੀ ਹੈ ਤਾਂ ਉਸ ਨੂੰ ਨਕਾਰਿਆ ਜਾਂਦਾ ਹੈ। ਨੌਕਰੀ ਦੌਰਾਨ ਮੇਰੀ ਇੱਕ ਸਹਿਕਰਮੀ ਨੇ ਸਕੂਲ ਲੇਟ ਪਹੁੰਚਣ ਦਾ ਕਾਰਨ ਕੁਝ ਇਸ ਤਰ੍ਹਾਂ ਦੱਸਿਆ: ‘‘ਘਰ ’ਚ ਰਾਤ ਦੇ ਮਹਿਮਾਨ ਆਏ ਸਨ। ਮੈਂ ਨਾਸ਼ਤਾ ਤਿਆਰ ਕਰਕੇ ਮੇਜ਼ ’ਤੇ ਰੱਖਿਆ। ਪਲੇਟਾਂ ਵਗੈਰਾ ਆਪੇ ਰੱਖ ਲੈਣ ਲਈ ਕਹਿ ਕੇ ਚੱਲਣ ਹੀ ਲੱਗੀ ਸੀ। ਪਤੀ ਨੇ ਸੁਣ ਕੇ ਪਰਸ ਵਗਾਹ ਮਾਰਿਆ, ਅਖੇ, ‘ਨਾ ਕਰ ਤੂੰ ਨੌਕਰੀ। ਕੋਈ ਅਹਿਸਾਨ ਕਰਦੀ ਹੈਂ’? ਫਿਰ ਕੁਝ ਸਮਾਂ ਹੋਰ ਲਗਾਇਆ ਤੇ ਹੁਣ ਮਾਨਸਿਕ ਬੋਝ ਵੀ ਝੱਲ ਰਹੀ ਹਾਂ।’’ ਇਹ ਗੱਲ ਹੈ ਤਾਂ ਦੋ ਦਹਾਕੇ ਪਹਿਲਾਂ ਦੀ ਪਰ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਹਾਲਾਤ ਅਜੇ ਵੀ ਨਹੀਂ ਬਦਲੇ।
ਕੁਲਮਿੰਦਰ ਕੌਰ, ਮੁਹਾਲੀ
ਮਨਪਸੰਦ ਕਹਾਣੀਕਾਰ
ਐਤਵਾਰ 2 ਮਾਰਚ ਨੂੰ ‘ਦਸਤਕ’ ਅੰਕ ਵਿੱਚ ਜਸਬੀਰ ਭੁੱਲਰ ਦਾ ਲੇਖ ‘ਵੱਡੇ ਇਨਾਮਾਂ ਦੀ ਚੜ੍ਹਤ’ ਪੜ੍ਹਿਆ, ਚੰਗਾ ਲੱਗਾ। ਮੈਨੂੰ ਜਸਬੀਰ ਭੁੱਲਰ ਦੀਆਂ ਰਚਨਾਵਾਂ ਬਹੁਤ ਵਧੀਆ ਲੱਗਦੀਆਂ ਹਨ। ਜਦੋਂ ਵੀ ਐਤਵਾਰ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਉਨ੍ਹਾਂ ਦੀ ਕੋਈ ਰਚਨਾ ਛਪਦੀ ਹੈ ਤਾਂ ਮੈਂ ਸਭ ਤੋਂ ਪਹਿਲਾਂ ਉਹ ਹੀ ਪੜ੍ਹਦਾ ਹਾਂ, ਉਹ ਵੀ ਇੱਕ ਵਾਰ ਨਹੀਂ, ਵਾਰ-ਵਾਰ। ਪਰਮਾਤਮਾ ਅਜਿਹੇ ਲੇਖਕਾਂ ਦੀ ਉਮਰ ਹੋਰ ਲੰਮੀ ਕਰੇ ਜੋ ਸੁਖਾਲੇ ਤੇ ਦਿਲਚਸਪ ਅੰਦਾਜ਼ ਵਿੱਚ ਵੱਡੀ ਤੋਂ ਵੱਡੀ ਗੱਲ ਪਾਠਕਾਂ ਨੂੰ ਸਮਝਾ ਦਿੰਦੇ ਹਨ।
ਜੋਗਿੰਦਰ ਸਿੰਘ ਲੋਹਾਮ, ਮੋਗਾ
ਸੁਪਨਿਆਂ ਦੀ ਧਰਤੀ
ਐਤਵਾਰ 2 ਮਾਰਚ ਦੇ ‘ਦਸਤਕ’ ਅੰਕ ਦੇ ਔਨਲਾਈਨ ਪੰਨੇ ’ਤੇ ਮੁਹੰਮਦ ਅੱਬਾਸ ਧਾਲੀਵਾਲ ਨੇ ਆਪਣੇ ਲੇਖ ‘ਸੁਪਨਿਆਂ ਦੀ ਨਗਰੀ ਮੁੰਬਈ’ ਵਿੱਚ ਮੁੰਬਈ ਸ਼ਹਿਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਲੇਖਕ ਨੇ ਆਪਣੀ ਮੁੰਬਈ ਯਾਤਰਾ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ। ਮੁੰਬਈ ਨੂੰ ਪਹਿਲਾਂ ਬੰਬਈ ਕਿਹਾ ਜਾਂਦਾ ਸੀ। ਇਹ ਮਹਾਰਾਸ਼ਟਰ ਦੀ ਰਾਜਧਾਨੀ ਅਤੇ ਭਾਰਤ ਦਾ ਸਭ ਤੋਂ ਵੱਡਾ ਵਪਾਰਕ, ਵਿੱਤੀ ਅਤੇ ਮਨੋਰੰਜਨ ਕੇਂਦਰ ਹੈ। ਇਹ ਸ਼ਹਿਰ ਸੱਤ ਟਾਪੂਆਂ ਨੂੰ ਮਿਲਾ ਕੇ ਬਣਾਇਆ ਗਿਆ ਅਤੇ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਹੈ। ਇਤਿਹਾਸਕ ਤੌਰ ’ਤੇ ਇਹ ਪਹਿਲਾਂ ਪੁਰਤਗਾਲੀਆਂ ਕੋਲ ਸੀ, ਪਰ ਬਾਅਦ ਵਿੱਚ ਇੱਥੇ ਈਸਟ ਇੰਡੀਆ ਕੰਪਨੀ ਨੇ ਕਬਜ਼ਾ ਕਰ ਲਿਆ। ਆਰਥਿਕ ਪੱਖੋਂ ਇਹ ਭਾਰਤ ਦੀ ਜੀਡੀਪੀ ਵਿੱਚ 5 ਫ਼ੀਸਦੀ, ਉਦਯੋਗਿਕ ਉਤਪਾਦ ਵਿੱਚ 25 ਫ਼ੀਸਦੀ, ਅਤੇ ਸਮੁੰਦਰੀ ਵਪਾਰ ਵਿੱਚ 40 ਫ਼ੀਸਦੀ ਯੋਗਦਾਨ ਪਾਉਂਦਾ ਹੈ। ਬੌਲੀਵੁੱਡ ਦਾ ਮੁੱਖ ਕੇਂਦਰ ਹੋਣ ਕਰਕੇ ਇਹ ਮਨੋਰੰਜਨ ਦੀ ਰਾਜਧਾਨੀ ਵੀ ਮੰਨੀ ਜਾਂਦੀ ਹੈ। ਭੂਗੋਲਿਕ ਤੌਰ ’ਤੇ, ਇਹ ਅਰਬ ਸਾਗਰ ਕਿਨਾਰੇ ਸਥਿਤ ਹੈ, ਜਿੱਥੇ ਜੂਨ ਤੋਂ ਸਤੰਬਰ ਤੱਕ ਭਾਰੀ ਮੌਨਸੂਨ ਹੁੰਦੀ ਹੈ। ਆਵਾਜਾਈ ਲਈ ਸਬ-ਅਰਬਨ ਰੇਲਵੇ, ਮੈਟਰੋ, ਮੋਨੋਰੇਲ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ ਹਨ। ਸੱਭਿਆਚਾਰਕ ਤੌਰ ’ਤੇ, ਇਹ ਵਿਭਿੰਨ ਭਾਸ਼ਾਵਾਂ, ਧਰਮਾਂ ਅਤੇ ਸੱਭਿਆਚਾਰਾਂ ਦਾ ਸੁਮੇਲ ਹੈ। ਇੱਥੇ ਭਾਰਤ ਦੀ ਸਭ ਤੋਂ ਵੱਡੀ ਝੁੱਗੀ ਬਸਤੀ ‘ਧਾਰਾਵੀ’ ਸਥਿਤ ਹੈ। ਮੁੰਬਈ ਨੂੰ ‘ਸੁਪਨਿਆਂ ਦਾ ਸ਼ਹਿਰ’ ਕਿਹਾ ਜਾਂਦਾ ਹੈ, ਜਿੱਥੇ ਲੋਕ ਵੱਡੇ ਮੌਕਿਆਂ ਦੀ ਭਾਲ ਵਿੱਚ ਅਤੇ ਸੁਪਨਿਆਂ ਨੂੰ ਸੱਚ ਕਰਨ ਲਈ ਆਉਂਦੇ ਹਨ।
ਗੁਰਇੰਦਰ ਪਾਲ ਸਿੰਘ, ਰਾਜਪੁਰਾ (ਪਟਿਆਲਾ)
ਸਾਂਝਾ ਸ਼ਾਇਰ ਉਸਤਾਦ ਦਾਮਨ
ਐਤਵਾਰ 23 ਫਰਵਰੀ ਦੇ ‘ਦਸਤਕ’ ਅੰਕ ਵਿੱਚ ਡਾ. ਚੰਦਰ ਤ੍ਰਿਖਾ ਦਾ ਲੇਖ ‘ਉਸਤਾਦ ਦਾਮਨ: ਹਰ ਨਜ਼ਮ ’ਤੇ ਪੇਸ਼ੀ ਜਾਂ ਜੇਲ੍ਹ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਸਤਾਦ ਦਾਮਨ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੇ ਸਨ। ਉਹ ਪਾਕਿਸਤਾਨ ਜਾਂ ਭਾਰਤ ਦੇ ਨਹੀਂ, ਸਗੋਂ ਸਾਰੀ ਦੁਨੀਆ ਦੇ ਸਾਂਝੇ ਸ਼ਾਇਰ ਸਨ। ਪੂਰੀ ਦੁਨੀਆ ਵਿੱਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਸੀ। ਆਪਣੀ ਸ਼ਾਇਰੀ ਰਾਹੀਂ ਉਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਵੰਗਾਰਨ ਦੇ ਨਾਲ ਨਾਲ ਲੋਕਾਂ ਦੇ ਦਰਦ ਨੂੰ ਆਪਣੀ ਕਲਮ ਨਾਲ ਚਿਤਰਦੇ ਹੋਏ ਸਮਾਜ ਵਿੱਚ ਫੈਲੀ ਨਫ਼ਰਤ ਦੀ ਅੱਗ ’ਤੇ ਵੀ ਵਿਅੰਗ ਕਸਿਆ। ਇਸੇ ਲਈ ਉਨ੍ਹਾਂ ਨੂੰ ਆਪਣੀ ਸ਼ਾਇਰੀ ਕਰਕੇ ਜੇਲ੍ਹ ਵੀ ਕੱਟਣੀ ਪਈ, ਪਰ ਉਨ੍ਹਾਂ ਦੀ ਕਲਮ ਹਮੇਸ਼ਾ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੀ ਰਹੀ। ਉਸਤਾਦ ਦਾਮਨ ਬਾਰੇ ਨਾਂ-ਮਾਤਰ ਜਾਣਕਾਰੀ ਉਪਲੱਬਧ ਹੈ। ਖੋਜਾਰਥੀਆਂ ਲਈ ਉਸਤਾਦ ਦਾਮਨ ਅੱਜ ਵੀ ਖੋਜ ਦਾ ਵਿਸ਼ਾ ਹੈ ਜਿਸ ਵਿੱਚ ਅੱਗੇ ਵਧਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ