ਟਰੀਟਮੈਂਟ ਪਲਾਂਟ: ਜ਼ਮੀਨ ਦੀ ਕਮਿਸ਼ਨ ਮੰਗਣ ਦਾ ਮਾਮਲਾ ਭਖਿ਼ਆ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ/ਧਨੌਲਾ, 15 ਮਾਰਚ
ਨਗਰ ਕੌਂਸਲ ਧਨੌਲਾ ਦੇ ਟਰੀਟਮੈਂਟ ਪਲਾਂਟ ਲਈ ਐਕੁਆਇਰ ਕੀਤੀ ਇੱਕ ਕਿਸਾਨ ਦੀ ਜ਼ਮੀਨ ਦੀ ਕੁੱਲ ਰਕਮ ਵਿੱਚੋਂ ਨਗਰ ਕੌਂਸਲ ਦੀ ਇੱਕ ਧਿਰ ਵੱਲੋਂ ਲੱਖਾਂ ਰੁਪਏ ਕਮਿਸ਼ਨ ਮੰਗਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਨੇ ਹਾਕਮ ਧਿਰ ਦੇ ਆਗੂਆਂ ’ਤੇ ਸਵਾਲਾਂ ਦੀ ਝੜੀ ਲਾ ਕੇ ਲੋਕਾਂ ਦੀ ਕਚਹਿਰੀ ’ਚ ਖੜ੍ਹਾ ਕਰ ਦਿੱਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਂਟ ’ਤੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਜਾਂ ਕਿਸੇ ਕੌਂਸਲਰ ਦੇ ਕਹਿਣ ’ਤੇ ਥਾਣੇਦਾਰ ਇੱਕ ਆਮ ਕਿਸਾਨ ਨੂੰ ਗੈਂਗਸਟਰਾਂ ਵਾਂਗ ਚਾਰ ਗੱਡੀਆਂ ਪੁਲੀਸ ਦੀਆਂ ਭਰ ਕੇ ਉਸ ਦੇ ਘਰੋਂ ਨਹੀਂ ਚੁੱਕ ਸਕਦਾ। ਸ੍ਰੀ ਬਾਠ ਨੇ ਇਸ ਮਾਮਲੇ ’ਚ ਥਾਣੇਦਾਰ ਦੀ ਭੂਮਿਕਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਐੱਸਐੱਚਓ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਹੈ। ਸ੍ਰੀ ਬਾਠ ਨੇ ਐੱਸਐੱਸਪੀ ਤੋਂ ਮੰਗ ਕੀਤੀ ਕਿ 13 ਮਾਰਚ ਵਾਲੇ ਦਿਨ ਧਨੌਲਾ ਥਾਣੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾਵੇ। ਬਾਠ ਨੇ ਕਿਹਾ ਕਿ ਇਹ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕਿਆ ਹੈ ਜਿਸ ਦੇ ਅਧਾਰ ’ਤੇ ਐੱਸਐੱਸਪੀ ਨੂੰ ਕਾਨੂੰਨੀ ਕਾਰਵਾਈ ਅਮਲ ’ਚ ਲਿਆਣੀ ਚਾਹੀਦੀ ਹੈ। ਧਨੌਲਾ ਵਿੱਚ ਟਰੀਟਮੈਂਟ ਪਲਾਂਟ ਲਈ ਖ਼ਰੀਦੀ ਜ਼ਮੀਨ ਸਬੰਧੀ ਮਾਮਲੇ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਟੀ. ਬੈਨਿਥ ਵੱਲੋਂ ਪੜਤਾਲ ਲਈ ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਦੱਸਿਆ ਕਿ ਧਨੌਲਾ ਵਿੱਚ ਟਰੀਟਮੈਂਟ ਪਲਾਂਟ ਲਈ ਖ਼ਰੀਦੀ ਜ਼ਮੀਨ ਸਬੰਧੀ ਕਥਿਤ ਕਮਿਸ਼ਨ ਮੰਗਣ ਦਾ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਪੜਤਾਲ ਵਿੱਚ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਸਰਕਾਰ ਵੱਲੋਂ ਰਿਸ਼ਵਤ ਦੇ ਮਾਮਲੇ ਵਿਚ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਜਿਸ ’ਤੇ ਅਮਲ ਕਰਦੇ ਹੋਏ ਅਜਿਹੇ ਕਿਸੇ ਵੀ ਮਾਮਲੇ ਵਿੱਚ ਕਸੂਰਵਾਰ ਨੂੰ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਨਿਯਮਾਂ ਅਨੁਸਾਰ ਸਖ਼ਤ ਕਰਵਾਈ ਕੀਤੀ ਜਾਵੇਗੀ।