ਜੈਸ਼ੰਕਰ ਨੇ ਯੂਨਸ ਨੂੰ ਚੀਨ ’ਚ ਭਾਰਤ ਬਾਰੇ ਕੀਤੀ ਟਿੱਪਣੀ ਲਈ ਘੇਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 3 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਵੱਲੋਂ ਚੀਨ ’ਚ ਕੀਤੀ ਗਈ ਹਾਲੀਆ ਟਿੱਪਣੀ ਦਾ ਮੋੜਵਾਂ ਜਵਾਬ ਦਿੱਤਾ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਰਤ ਦੇ ਉੱਤਰ-ਪੂਰਬੀ ਖੇਤਰ ਰਾਹੀਂ ਹਿੰਦ ਮਹਾਸਾਗਰ ਨਾਲ ਸੰਪਰਕ ਨਹੀਂ ਬਣਾਇਆ ਜਾ ਸਕਦਾ ਅਤੇ ਢਾਕਾ ਹੀ ਹਿੰਦ ਮਹਾਸਾਗਰ ਦਾ ਇੱਕੋ-ਇੱਕ ਰੱਖਿਅਕ ਹੈ।
ਥਾਈਲੈਂਡ ’ਚ 20ਵੀਂ ਬਿਮਸਟੈੱਕ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਦੌਰਾਨ ਜੈਸ਼ੰਕਰ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਸਹਿਯੋਗ ਇੱਕ ਏਕੀਕ੍ਰਿਤ ਨਜ਼ਰੀਆ ਹੈ ਅਤੇ ਇਹ ਚੋਣਵੇਂ ਵਿਸ਼ਿਆਂ ’ਤੇ ਆਧਾਰਿਤ ਨਹੀਂ ਹੁੰਦਾ। ਇਸ ਮੌਕੇ ਬੰਗਲਾਦੇਸ਼ੀ ਨੁਮਾਇੰਦੇ ਵੀ ਹਾਜ਼ਰ ਸਨ। ਉਨ੍ਹਾਂ ਕਿਹਾ, ‘ਸਾਡਾ ਬੰਗਾਲ ਦੀ ਖਾੜੀ ’ਚ ਸਭ ਤੋਂ ਲੰਮਾ ਤੱਟ ਹੈ ਜੋ ਕਿ ਤਕਰੀਬਨ 6500 ਕਿਲੋਮੀਟਰ ਲੰਮਾ ਹੈ। ਭਾਰਤ ਨਾ ਸਿਰਫ਼ ਪੰਜ ਬਿਮਸਟੈਕ ਮੈਂਬਰ ਮੁਲਕਾਂ ਨਾਲ ਸਰਹੱਦ ਸਾਂਝੀ ਕਰਦਾ ਹੈ ਬਲਕਿ ਉਨ੍ਹਾਂ ’ਚੋਂ ਵਧੇਰਿਆਂ ਨੂੰ ਜੋੜਦਾ ਹੈ ਅਤੇ ਭਾਰਤੀ ਉਪ ਮਹਾਦੀਪ ਤੇ ਆਸੀਆਨ ਸਮੂਹ ਵਿਚਾਲੇ ਕਾਫੀ ਹੱਦ ਤੱਕ ਕੜੀ ਦਾ ਕੰਮ ਕਰਦਾ ਹੈ।’ ਉਨ੍ਹਾਂ ਕਿਹਾ ਕਿ ਭਾਰਤ ਦਾ ਉੱਤਰ-ਪੂਰਬੀ ਖੇਤਰ ਬਿਸਮਟੈਕ ਮੈਂਬਰਾਂ ਲਈ ਸੰਪਰਕ ਕੇਂਦਰ ਵਜੋਂ ਉਭਰ ਰਿਹਾ ਹੈ ਜਿੱਥੇ ਸੜਕਾਂ, ਰੇਲਵੇ, ਜਲਮਾਰਗ ਗਰਿੱਡ ਤੇ ਪਾਈਪਲਾਈਨਾਂ ਦਾ ਵੱਡਾ ਨੈੱਟਵਰਕ ਮੌਜੂਦ ਹੈ। ਮੰਤਰੀ ਨੇ ਕਿਹਾ ਕਿ ਦੇਸ਼ਾਂ ਨੂੰ ਸਾਰੇ ਅਹਿਮ ਮੁੱਦਿਆਂ ’ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਨਾ ਕਿ ਸਿਰਫ ਆਪਣੇ ਹਿੱਤਾਂ ਅਨੁਸਾਰ ਮੁੱਦੇ ਚੁਣਨੇ ਚਾਹੀਦੇ ਹਨ। ਚੀਨ ਯਾਤਰਾ ਦੌਰਾਨ ਯੂਨਸ ਨੇ ਪੇਈਚਿੰਗ ਨੂੰ ਬੰਗਲਾਦੇਸ਼ ’ਚ ਆਪਣਾ ਆਰਥਿਕ ਪ੍ਰਭਾਵ ਵਧਾਉਣ ਦੀ ਅਪੀਲ ਕੀਤੀ ਸੀ ਤੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦਾ ਵਿਵਾਦਤ ਢੰਗ ਨਾਲ ਜ਼ਿਕਰ ਕੀਤਾ ਗਿਆ ਸੀ।