ਜਾਅਲੀ ਮਾਲ ਫੜਨ ਪਹੁੰਚੀ ਪੁਲੀਸ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼; 40 ਖ਼ਿਲਾਫ਼ ਕੇਸ
ਮੋਹਿਤ ਸਿੰਗਲਾ
ਨਾਭਾ, 26 ਅਪਰੈਲ
ਨਾਭਾ ਵਿੱਚ ਪੁਲੀਸ ਦੀ ਟੀਮ ਕੱਪੜੇ ਤੇ ਜੁੱਤਿਆਂ ਦੀ ਮਸ਼ਹੂਰ ਕੰਪਨੀਆਂ ਏਡੀਡਾਸ ਅਤੇ ਲਿਵਾਈਜ਼ ਦੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਜਾਅਲੀ ਮਾਲ ਫੜਨ ਲਈ ਰੇਡ ਕਰਨ ਪੁੱਜੀ ਤਾਂ ਇੱਕ ਦੁਕਾਨ ਦੇ ਬਾਹਰ ਵਪਾਰ ਮੰਡਲ ਦੇ ਆਗੂਆਂ ਸਮੇਤ ਕਈ ਦੁਕਾਨਦਾਰਾਂ ਨੇ ਪੁਲੀਸ ਪਾਰਟੀ ਨੂੰ ਸ਼ਟਰ ਸੁੱਟ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਪਿੱਛੋਂ ਪੁਲੀਸ ਨੇ ਸੱਤ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਤੇ ਬਾਕੀ 40 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ।
ਨਾਭਾ ਐਸਐਚਓ ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਉਕਤ ਕੰਪਨੀਆਂ ਵੱਲੋਂ ਕਾਪੀਰਾਈਟ ਐਕਟ ਤਹਿਤ ਐਫਆਈਆਰ ਦਰਜ ਕਰਵਾਈ ਗਈ ਸੀ ਜਿਸਦੀ ਪੜਤਾਲ ਲਈ ਉਹ ਕੁਝ ਕੱਪੜਿਆਂ ਦੀ ਦੁਕਾਨਾਂ ਉੱਪਰ ਚੈਕਿੰਗ ਕਰ ਰਹੇ ਸਨ ਤੇ ਅਚਾਨਕ ਕੁਝ ਲੋਕਾਂ ਨੇ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ ਦੋ ਦੁਕਾਨਾਂ ਦੇ ਮਾਲਕਾਂ ਅਤੇ ਨਾਭਾ ਵਪਾਰ ਮੰਡਲ ਦੇ ਆਗੂਆਂ ਸਮੇਤ ਸੱਤ ਜਣਿਆਂ ਨੂੰ ਨਾਮਜ਼ਦ ਕਰਦੇ ਹੋਏ 40 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੇ ਬਾਹਰ ਆਉਂਦੇ ਹੀ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਉਨ੍ਹਾਂ ਦੀ ਭਾਲ ਜਾਰੀ ਹੈ।