ਜਾਅਲੀ ਐਨਓਸੀ ਦੇਣ ’ਤੇ ਈਓ, ਜੂਨੀਅਰ ਇੰਜਨੀਅਰ ਤੇ ਕਲਰਕ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਮਾਨਸਾ, 26 ਅਪਰੈਲ
ਇੱਕ ਪਲਾਟ ਦੀ ਆਨਲਾਈਨ ਜਾਅਲੀ ਐਨਓਸੀ ਦੇਣ ’ਤੇ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਨਗਰ ਕੌਂਸਲ ਮਾਨਸਾ ਦੇ ਕਾਰਜਸਾਧਕ ਅਫ਼ਸਰ, ਜੂਨੀਅਰ ਇੰਜਨੀਅਰ ਸਣੇ ਡੀਲਿੰਗ ਕਲਰਕ ’ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਨਗਰ ਕੌਂਸਲ ਮਾਨਸਾ ਦੇ ਅਧਿਕਾਰੀਆਂ ਉੱਪਰ ਇਹ ਕੇਸ ਅਦਾਲਤ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ ਹੈ, ਪਰ ਹਾਲੇ ਤੱਕ ਇਸ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਪਿਛਲੇ ਸਮੇਂ ’ਚ ਮਾਨਸਾ ਵਾਸੀ ਰੌਸ਼ਨ ਲਾਲ ਨੇ ਕਿਸੇ ਪਲਾਟ ਨੂੰ ਵੇਚਣ ਖ਼ਾਤਰ ਨਗਰ ਕੌਂਸਲ ਮਾਨਸਾ ਕੋਲ ਐਨਓਸੀ ਲਈ ਅਪਲਾਈ ਕੀਤਾ ਸੀ। ਇਸ ’ਤੇ ਨਗਰ ਕੌਂਸਲ ਵੱਲੋਂ ਉਸ ਵਿਅਕਤੀ ਨੂੰ ਆਨਲਾਈਨ ਐਨਓਸੀ ਜਾਰੀ ਕਰ ਦਿੱਤਾ ਗਿਆ। ਬਾਅਦ ਵਿੱਚ ਪਲਾਟ ਵੇਚਣ ਸਮੇਂ ਰਜਿਸਟਰੀ ਆਦਿ ਕਰਵਾਉਣ ਮੌਕੇ ਇਹ ਐਨਓਸੀ ਜਾਅਲੀ ਪਾਈ ਗਈ। ਇਸ ਉਪਰੰਤ ਰੌਸ਼ਨ ਲਾਲ ਨੇ ਪੁਲੀਸ ਕੋਲ ਵੀ ਇਸ ਦੀ ਸ਼ਿਕਾਇਤ ਕੀਤੀ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਵਿੱਚ ਪੀੜਤ ਵਿਅਕਤੀ ਮਾਨਸਾ ਦੀ ਅਦਾਲਤ ਵਿੱਚ ਇਹ ਮਾਮਲਾ ਲੈ ਕੇ ਪੁੱਜਿਆ।
ਮਾਨਸਾ ਵਿੱਚ ਕਰਨ ਅਗਰਵਾਲ ਜੁਡੀਸ਼ੀਅਲ ਮੈਜਿਸਟਰੇਟ (ਪਹਿਲਾ ਦਰਜਾ) ਦੀ ਅਦਾਲਤ ਨੇ ਇਸ ’ਤੇ ਕਾਰਵਾਈ ਦੇ ਆਦੇਸ਼ ਦਿੱਤੇ, ਜਿਸ ਉਪਰੰਤ ਥਾਣਾ ਸਿਟੀ-2 ਮਾਨਸਾ ਨੇ ਨਗਰ ਕੌਂਸਲ ਮਾਨਸਾ ਦੇ ਕਾਰਜਸਾਧਕ ਅਫ਼ਸਰ ਵਿਪਨ ਕੁਮਾਰ, ਜੂਨੀਅਰ ਇੰਜੀਨੀਅਰ ਮੇਜਰ ਸਿੰਘ ਤੇ ਡੀਲਿੰਗ ਕਲਰਕ ਸੁਖਪਾਲ ਸਿੰਘ ਖ਼ਿਲਾਫ਼ ਥੋਖਾਧੜੀ ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਪੜਤਾਲ ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਕਰ ਰਹੇ ਹਨ।