ਜ਼ੀਰਕਪੁਰ ਫਲਾਈਓਵਰ ’ਤੇ ਕਾਰ ਨੂੰ ਅੱਗ
ਹਰਜੀਤ ਸਿੰਘ
ਜ਼ੀਰਕਪੁਰ, 6 ਮਈ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਜ਼ੀਰਕਪੁਰ ਫਲਾਈਓਵਰ ’ਤੇ ਅੱਜ ਇਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਕਾਰ ਚਾਲਕ ਨੌਜਵਾਨ ਅਤੇ ਉਸ ਵਿੱਚ ਸਵਾਰ ਦੋ ਕੁੜੀਆਂ ਵਾਲ ਵਾਲ ਬਚ ਗਈਆਂ। ਇਸ ਦੌਰਾਨ ਕਾਰ ਪੂਰੀ ਤਰ੍ਹਾਂ ਸੜ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਬੁਲਾਉਣੀ ਪਈ ਜਿਸ ਦੀ ਇਕ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਕਾਰ ਚਾਲਕ ਕ੍ਰਿਸ਼ ਵਾਸੀ ਸੁਸ਼ਮਾ ਗਰਾਂਡ ਨੇ ਦੱਸਿਆ ਕਿ ਉਹ ਜ਼ੀਰਕਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ। ਉਸ ਨਾਲ ਉਸ ਦੀ ਜਾਣ ਪਛਾਣ ਵਾਲੀ ਦੋ ਲੜਕੀਆਂ ਸਵਾਰ ਸੀ। ਇਸ ਦੌਰਾਨ ਜਦ ਉਹ ਫਲਾਈਓਵਰ ’ਤੇ ਪਹੁੰਚਿਆ ਤਾਂ ਅਚਾਨਕ ਉਸ ਦੀ ਬੈਟਰੀ ਸਪਾਰਕ ਹੋ ਗਈ ਜਿਸ ਦੌਰਾਨ ਕਾਰ ਨੂੰ ਅੱਗ ਲੱਗ ਗਈ। ਉਸ ਕੋਲ ਜਿਸ ਮਾਡਲ ਦੀ ਕਾਰ ਹੈ ਉਸ ਦੀ ਬੈਟਰੀ ਡਰਾਈਵਰ ਸੀਟ ਦੇ ਹੇਠਾਂ ਹੁੰਦੀ ਹੈ। ਉਸ ਨੇ ਆਪਣੀ ਸੀਟ ਦੇ ਹੇਠਾਂ ਅੱਗ ਦਾ ਸੇਕ ਮਹਿਸੂਸ ਹੋਣ ’ਤੇ ਕਾਰ ਨੂੰ ਜਲਦਬਾਜ਼ੀ ਵਿਚ ਫਲਾਈਓਵਰ ’ਤੇ ਸਾਈਡ ’ਤੇ ਪਾਰਕ ਕਰ ਆਪ ਅਤੇ ਸਵਾਰ ਲੜਕੀਆਂ ਨੂੰ ਬਾਹਰ ਕੱਢ ਕੇ ਜਾਨ ਬਚਾਈ। ਕੁਝ ਹੀ ਮਿੰਟਾਂ ਵਿੱਚ ਹੀ ਉਸ ਦੀ ਕਾਰ ਲਪਟਾਂ ਵਿਚ ਘਿਰ ਗਈ। ਇਸ ਮੌਕੇ ਵਾਹਨਾਂ ਦਾ ਜਾਮ ਲੱਗ ਗਿਆ। ਉਸ ਨੇ ਦੱਸਿਆ ਕਿ ਕਾਰ ਨਾਲ ਉਸ ਵਿੱਚ ਪਿਆ ਉਸਦਾ ਜ਼ਰੂਰੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ।