ਜਸਟਿਸ ਵਰਮਾ ਨੂੰ ਗੁਪਤ ਢੰਗ ਨਾਲ ਸਹੁੰ ਚੁਕਾਉਣ ਦਾ ਦੋਸ਼
ਪ੍ਰਯਾਗਰਾਜ, 5 ਅਪਰੈਲ
ਹਾਈ ਕੋਰਟ ਬਾਰ ਐਸੋਸੀਏਸ਼ਨ (ਐੱਚਸੀਬੀਏ) ਨੇ ਦਾਅਵਾ ਕੀਤਾ ਕਿ ਘਰ ’ਚੋਂ ਨਕਦੀ ਬਰਾਮਦ ਹੋਣ ਦੇ ਲੱਗੇ ਦੋਸ਼ਾਂ ਮਗਰੋਂ ਦਿੱਲੀ ਹਾਈ ਕੋਰਟ ਤੋਂ ਅਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕੀਤੇ ਜਸਟਿਸ ਯਸ਼ਵੰਤ ਵਰਮਾ ਨੂੰ ਅੱਜ ਗੁਪਤ ਤਰੀਕੇ ਨਾਲ ਸਹੁੰ ਚੁਕਾਈ ਗਈ ਹੈ। ਬਾਰ ਐਸੋਸੀਏਸ਼ਨ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਸਵਾਲ ਕੀਤਾ ਕਿ ਇਸ ਬਾਰੇ ਉਸ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਇਸ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਨਿਆਂ ਪ੍ਰਣਾਲੀ ਵਿਚ ਲੋਕਾਂ ਦਾ ਭਰੋਸੇ ਨੂੰ ਸੱਟ ਵੱਜੀ ਹੈ।
ਪਿਛਲੇ ਮਹੀਨੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜਸਟਿਸ ਵਰਮਾ ਦੀ ਰਿਹਾਇਸ਼ ਤੋਂ ਨੋਟਾਂ ਦੀਆਂ ਚਾਰ ਤੋਂ ਪੰਜ ਬੋਰੀਆਂ ਬਰਾਮਦ ਹੋਈਆਂ ਸਨ ਅਤੇ ਚੀਫ ਜਸਟਿਸ (ਸੀਜੇਆਈ) ਨੇ ਇਸ ਸਬੰਧੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ। ਜਸਟਿਸ ਵਰਮਾ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਇਸ ਪੈਸੇ ਬਾਰੇ ਪਤਾ ਸੀ।
ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਅਰੁਣ ਭੰਸਾਲੀ ਨੂੰ ਅੱਜ ਲਿਖੇ ਪੱਤਰ ’ਚ ਅਲਾਹਾਬਾਦ ਐੱਚਸੀਬੀਏ ਦੇ ਸਕੱਤਰ ਵਿਕਰਾਂਤ ਪਾਂਡੇ ਨੇ ਕਿਹਾ ਕਿ ਕਾਨੂੰਨੀ ਅਤੇ ਰਵਾਇਤੀ ਤੌਰ ’ਤੇ ਜਸਟਿਸ ਵਰਮਾ ਨੂੰ ਚੁਕਾਈ ਗਈ ਸਹੁੰ ਗਲਤ ਅਤੇ ਅਸਵੀਕਾਰਯੋਗ ਹੈ।’ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਯਸ਼ਵੰਤ ਵਰਮਾ ਨੂੰ ਅਲਾਹਾਬਾਦ ਹਾਈ ਕੋਰਟ ਵਿੱਚ ਗੁਪਤ ਤਰੀਕੇ ਨਾਲ ਚੁਕਾਈ ਗਈ ਸਹੁੰ ਬਾਰੇ ਪਤਾ ਲੱਗਣ ਮਗਰੋਂ ਪੂਰੀ ਬਾਰ ਐਸੋਸੀਏਸ਼ਨ ਨੂੰ ਬਹੁਤ ਦੁੱਖ ਹੋਇਆ। ਪਾਂਡੇ ਨੇ ਕਿਹਾ ਕਿ ਜਸਟਿਸ ਯਸ਼ਵੰਤ ਵਰਮਾ ਦੀ ਅਲਾਹਾਬਾਦ ਹਾਈ ਕੋਰਟ ’ਚ ਵਾਪਸੀ ਦੇ ਵਿਰੋਧ ’ਚ ਚੀਫ ਜਸਟਿਸ ਨੇ ਬਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਨਿਆਂ ਪ੍ਰਣਾਲੀ ਦਾ ਮਾਣ-ਸਨਮਾਨ ਬਰਕਰਾਰ ਰੱਖਣ ਲਈ ਉਚਿਤ ਕਦਮ ਚੁੱਕੇ ਜਾਣਗੇ।
ਪੱਤਰ ਵਿੱਚ ਉਨ੍ਹਾਂ ਕਿਹਾ, ‘ਬਾਰ ਨੂੰ ਇਸ ਸਹੁੰ ਬਾਰੇ ਸੂਚਿਤ ਕਿਉਂ ਨਹੀਂ ਕੀਤਾ ਗਿਆ। ਇਹ ਇਕ ਅਜਿਹਾ ਸਵਾਲ ਹੈ ਜਿਸ ਨੇ ਨਿਆਂ ਪ੍ਰਣਾਲੀ ਵਿਚ ਲੋਕਾਂ ਦੇ ਭਰੋਸੇ ਨੂੰ ਮੁੜ ਸੱਟ ਮਾਰੀ ਹੈ, ਜਿਸ ਤਰੀਕੇ ਨਾਲ ਜਸਟਿਸ ਯਸ਼ਵੰਤ ਵਰਮਾ ਨੂੰ ਸਹੁੰ ਚੁਕਾਈ ਗਈ, ਅਸੀਂ ਉਸ ਦੀ ਸਪੱਸ਼ਟ ਤੌਰ ’ਤੇ ਨਿਖੇਧੀ ਕਰਦੇ ਹਾਂ।’ ਜੱਜ ਦੇ ਸਹੁੰ ਚੁੱਕ ਸਮਾਗਮ ਬਾਰੇ ਹਾਈ ਕੋਰਟ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। -ਪੀਟੀਆਈ
ਜਸਟਿਸ ਨੂੰ ਗੁਪਤ ਤਰੀਕੇ ਸਹੁੰ ਚੁਕਾਏ ਜਾਣ ਖ਼ਿਲਾਫ਼ ਮਤਾ ਪਾਸ
ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਇਹ ਸਹੁੰ ਭਾਰਤ ਦੇ ਸੰਵਿਧਾਨ ਦੇ ਵਿਰੁੱਧ ਹੈ ਅਤੇ ਇਸ ਲਈ ਐਸੋਸੀਏਸ਼ਨ ਦੇ ਮੈਂਬਰ ਗੈਰ-ਸੰਵਿਧਾਨਕ ਸਹੁੰ ਨਾਲ ਜੁੜਨਾ ਨਹੀਂ ਚਾਹੁੰਦੇ। ਅਲਾਹਾਬਾਦ ਐੱਚਸੀਬੀਏ ਦੇ ਸਕੱਤਰ ਵਿਕਰਾਂਤ ਪਾਂਡੇ ਨੇ ਕਿਹਾ ਕਿ ਕਿਸੇ ਜੱਜ ਨੂੰ ਸਹੁੰ ਚੁਕਾਉਣਾ ਨਿਆਂ ਪ੍ਰਣਾਲੀ ਵਿਚ ਅਹਿਮ ਘਟਨਾ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਨੂੰ ਸੰਸਥਾ ਵਿਚ ਬਰਾਬਰ ਦੇ ਹਿੱਸੇਦਾਰ ਹੋਣ ਦੇ ਨਾਤੇ ਦੂਰ ਨਹੀਂ ਰੱਖਿਆ ਜਾ ਸਕਦਾ।