ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲ-ਸੰਕਟ: ਗੁਆਂਢੀ ਸੂਬਿਆਂ ਦੀ ਟੇਕ ਹੁਣ ਪੰਜਾਬ ’ਤੇ

04:16 AM Apr 08, 2025 IST


ਚਰਨਜੀਤ ਭੁੱਲਰ

Advertisement

ਚੰਡੀਗੜ੍ਹ, 7 ਅਪਰੈਲ

ਪੰਜਾਬ ਦੇ ਗੁਆਂਢੀ ਸੂਬਿਆਂ ਦੀ ਟੇਕ ਹੁਣ ਪੰਜਾਬ ’ਤੇ ਜਾਪਦੀ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ ਦਰਿਆਈ ਪਾਣੀਆਂ ’ਚੋਂ ਆਪਣੇ ਹਿੱਸੇ ਤੋਂ ਵੱਧ ਪਾਣੀ ਪਹਿਲਾਂ ਹੀ ਲੈ ਚੁੱਕੇ ਹਨ। ਪੰਜਾਬ ਨੇ ਮਨੁੱਖਤਾ ਦੇ ਆਧਾਰ ’ਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਲਈ ਰਾਜਸਥਾਨ ਨੂੰ ਥੋੜ੍ਹਾ ਪਾਣੀ ਛੱਡਿਆ ਵੀ ਸੀ। ਪੰਜਾਬ ਸਰਕਾਰ ਨੇ ਜਦ ਹੁਣ ਪਾਣੀ ਦੇਣ ਤੋਂ ਹੱਥ ਪਿਛਾਂਹ ਖਿੱਚ ਲਿਆ ਹੈ ਤਾਂ ਰਾਜਸਥਾਨ ਵਿੱਚ ਬਿਪਤਾ ਖੜ੍ਹੀ ਹੋ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਭਲਕੇ 8 ਅਪਰੈਲ ਨੂੰ ਪੰਜਾਬ ’ਚ ਹਰੀਕੇ ਹੈੱਡ ਵਰਕਸ ਦਾ ਦੌਰਾ ਕਰਨਗੇ।

Advertisement

ਦਰਿਆਈ ਪਾਣੀਆਂ ’ਚੋਂ ਰਾਜਸਥਾਨ ਹੁਣ ਤੱਕ 109 ਫ਼ੀਸਦੀ ਹਿੱਸਾ ਲੈ ਚੁੱਕਾ ਹੈ। ਹਾਲਾਂਕਿ ਪਿਛਲੇ ਵਰ੍ਹਿਆਂ ਵਿੱਚ ਰਾਜਸਥਾਨ 125 ਫ਼ੀਸਦੀ ਤੱਕ ਪਾਣੀ ਵਰਤਦਾ ਰਿਹਾ ਹੈ। 21 ਸਤੰਬਰ 2024 ਤੋਂ 20 ਮਈ 2025 ਤੱਕ ਰਾਜਸਥਾਨ 9 ਫ਼ੀਸਦੀ ਵੱਧ ਪਾਣੀ ਵਰਤ ਚੁੱਕਾ ਹੈ। ਹਰਿਆਣਾ ਵੀ ਦਰਿਆਈ ਪਾਣੀਆਂ ਵਿਚਲੀ ਆਪਣੀ ਹਿੱਸੇਦਾਰੀ ’ਚੋਂ 101 ਫ਼ੀਸਦੀ ਪਾਣੀ ਵਰਤ ਚੁੱਕਾ ਹੈ। ਪੰਜਾਬ ਸਰਕਾਰ ਇਸ ਬਾਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੋਲ ਵੀ ਇਤਰਾਜ਼ ਦਰਜ ਕਰਵਾ ਚੁੱਕਾ ਹੈ। ਸੂਤਰ ਦੱਸਦੇ ਹਨ ਕਿ ਯਮੁਨਾ ’ਤੇ ਕਈ ਪ੍ਰਾਜੈਕਟ ਚੱਲਦੇ ਹੋਣ ਕਾਰਨ ਹਰਿਆਣਾ ਨੂੰ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਇਸ ਮਾਮਲੇ ’ਤੇ ਰੌਲਾ ਪਾਇਆ ਤਾਂ ਰਾਜਸਥਾਨ ’ਚ ਪਾਣੀਆਂ ਦਾ ਮਸਲਾ ਭਖ ਗਿਆ। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਜਿਵੇਂ ਸੀਕਰ, ਭਰਤਪੁਰ ਕਰੌਲੀ ਆਦਿ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਬਣਿਆ ਹੋਇਆ ਹੈ ਅਤੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮਗਰੋਂ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਭਲਕੇ 8 ਵਜੇ ਬਠਿੰਡਾ ਹਵਾਈ ਅੱਡੇ ’ਤੇ ਪੁੱਜਣਗੇ ਜਿੱਥੋਂ ਉਹ ਹਰੀਕੇ ਹੈੱਡ ਵਰਕਸ ’ਤੇ ਮੁਆਇਨਾ ਕਰਨ ਲਈ ਜਾਣਗੇ। ਮੁੱਖ ਮੰਤਰੀ ਸ਼ਰਮਾ ਉਸ ਮਗਰੋਂ ਫ਼ਿਰੋਜ਼ਪੁਰ ਫੀਡਰ, ਬੀਕਾਨੇਰ ਕੈਨਾਲ, ਇੰਦਰਾ ਗਾਂਧੀ ਕੈਨਾਲ, ਮੱਲੇਵਾਲਾ ਹੈੱਡ ਅਤੇ ਬੱਲੇਵਾਲਾ ਹੈੱਡ ਦਾ ਹਵਾਈ ਸਰਵੇਖਣ ਕਰਨਗੇ। ਉਸ ਮਗਰੋਂ ਹਰਿਆਣਾ ਵਿਚਲੇ ਲੋਹਗੜ੍ਹ ਹੈੱਡ ’ਤੇ ਜਾਣਗੇ।

ਰਾਜਸਥਾਨ ਸਰਕਾਰ ਵੱਲੋਂ ਹੁਣ ਮੁੜ ਪੰਜਾਬ ਸਰਕਾਰ ’ਤੇ ਪਾਣੀ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਸੂਬਾ ਸਰਕਾਰ ਨੇ ਹਾਲੇ ਤੱਕ ਕੋਈ ਹੱਥ ਪੱਲਾ ਨਹੀਂ ਫੜਾਇਆ ਹੈ। ਵੇਰਵਿਆਂ ਅਨੁਸਾਰ ਪੰਜਾਬ ਨੇ ਦਰਿਆਈ ਪਾਣੀਆਂ ਵਿਚਲੇ ਆਪਣੇ ਹਿੱਸੇ ਦਾ 81 ਫ਼ੀਸਦੀ ਹਿੱਸਾ ਵਰਤਿਆ ਹੈ। ਰਾਜਸਥਾਨ ਚਾਹੁੰਦਾ ਹੈ ਕਿ ਜਲ ਘਰਾਂ ਵਾਸਤੇ ਪਾਣੀ ਪੰਜਾਬ ਦੇਵੇ। ਪੰਜਾਬ ਸਰਕਾਰ ਦਾ ਤਰਕ ਹੈ ਕਿ ਅੱਗੇ ਗਰਮੀਆਂ ’ਚ ਪੰਜਾਬ ’ਚ ਖ਼ੁਦ ਪਾਣੀ ਦੀ ਮੰਗ ਵੱਧ ਜਾਣੀ ਹੈ ਜਿਸ ਕਰਕੇ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ। ਅੱਗੇ ਸਾਉਣੀ ਦੀ ਫ਼ਸਲ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ।

ਪੰਜਾਬ ਕੋਲ ਵਾਧੂ ਪਾਣੀ ਨਹੀਂ: ਗੋਇਲ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਸੀ ਕਿ ਰਾਜਸਥਾਨ ਦੇ ਮੁੱਖ ਮੰਤਰੀ ਭਲਕੇ ਪੰਜਾਬ ਆ ਰਹੇ ਹਨ ਪਰ ਉਨ੍ਹਾਂ ਆਪਣਾ ਮੰਤਵ ਸਪੱਸ਼ਟ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨੂੰ ਪੀਣ ਵਾਲੇ ਪਾਣੀ ਵਾਸਤੇ ਪਹਿਲਾਂ ਪਾਣੀ ਦਿੱਤਾ ਸੀ ਪਰ ਪੰਜਾਬ ਕੋਲ ਹੁਣ ਕੋਈ ਵਾਧੂ ਪਾਣੀ ਨਹੀਂ ਹੈ ਅਤੇ ਡੈਮਾਂ ਵਿੱਚ ਵੀ ਪਾਣੀ ਇਸ ਵਾਰ 18 ਫ਼ੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਾਣੀ ਦੀ ਮੰਗ ਤਰਜੀਹੀ ਹੈ।

Advertisement