ਜਮਹੂਰੀ ਕਿਸਾਨ ਸਭਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਤਰਨ ਤਾਰਨ, 2 ਅਪਰੈਲ
ਜਮਹੂਰੀ ਕਿਸਾਨ ਸਭਾ ਨੇ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਮੰਗਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਲਗਾਤਾਰ ਅਣਦੇਖੀ ਕਰਦੇ ਰਹਿਣ ਖਿਲਾਫ਼ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਰੋਸ ਵਿਖਾਵਾ ਕੀਤਾ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵੀ ਕੀਤੀ| ਜਥੇਬੰਦੀ ਨੇ ਡਿਪਟੀ ਕਮਿਸ਼ਨਰ ਵੱਲੋਂ ਜਥੇਬੰਦੀ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਦਾ ਨਿਪਟਾਰਾ ਕਰਨ ਦੀ ਬਜਾਏ ਟਾਲਮਟੋਲ ਕਰਨ ਖਿਲਾਫ਼ 8 ਅਪਰੈਲ ਨੂੰ ਅਧਿਕਾਰੀ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਵੀ ਐਲਾਨ ਕੀਤਾ ਹੈ|
ਮੁਜ਼ਾਹਰਾਕਾਰੀਆਂ ਦੀ ਅਗਵਾਈ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਅਤੇ ਜਿਲ੍ਹਾ ਆਗੂ ਦਲਜੀਤ ਸਿੰਘ ਦਿਆਲਪੁਰਾ ਨੇ ਕੀਤੀ| ਇਸ ਮੌਕੇ ਉਨ੍ਹਾਂ ਨੇ ਝੋਨੇ ਦੇ ਸੀਜਨ ਦੌਰਾਨ ਕੁਝ-ਇਕ ਆੜ੍ਹਤੀਆਂ ਵਲੋਂ ਫਸਲ ਦੀ ਲਿਫਟਿੰਗ ਦੇ ਨਾਂ ਤੇ ਪੈਸੇ ਕੱਟਣ ਦੀ ਰਕਮ ਅੱਜ ਤੱਕ ਵੀ ਵਾਪਸ ਨਾ ਕਰਵਾਉਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਜਥੇਬੰਦੀ ਨੇ ਆੜ੍ਹਤੀਆਂ ਵਲੋਂ ਧੱਕੇ ਨਾਲ ਕੀਤੀ ਇਸ ਕਟੌਤੀ ਦੇ ਮਾਮਲੇ ਨੂੰ ਕਈ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਸੀ ਪਰ ਅੱਜ ਤੱਕ ਵੀ ਉਨ੍ਹਾਂ ਦੇ ਕੱਟੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ| ਆਗੂਆਂ ਨੇ ਜ਼ਿਲ੍ਹੇ ਦੇ ਬਿਆਸ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਦੋ ਸਾਲ ਪਹਿਲਾਂ ਹੜ੍ਹਾਂ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਅਤੇ ਸੈਂਕੜੇ ਏਕੜ ਜਮੀਨ ਵਿੱਚ ਦਰਿਆਵਾਂ ਦੀ ਰੇਤ ਅਤੇ ਭੱਲ ਦੇ ਚੜ੍ਹ ਨਾਲ ਕਿਸਾਨ ਦੀ ਜਮੀਨ ਦੇ ਵਾਹੀਯੋਗ ਨਾ ਰਹਿਣ ਦਾ ਮੁਆਵਜਾ ਨਾ ਦੇਣ ਵੀ ਨਿਖੇਧੀ ਕੀਤੀ| ਆਗੂਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤੇ ਜਾਣ ਤੇ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਵੇਗੀ|