ਜਮਹੂਰੀ ਅਧਿਕਾਰ ਸਭਾ ਦੇ ਉਦੇਸ਼ਾਂ ਬਾਰੇ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਮਾਰਚ
ਜਮਹੂਰੀ ਅਧਿਕਾਰ ਸਭਾ ਦੀ ਸੰਗਰੂਰ ਇਕਾਈ ਵੱਲੋਂ ਜ਼ਿਲ੍ਹਾ ਕਾਰਜਕਾਰੀ ਟੀਮ ਦੀ ਅਗਵਾਈ ਹੇਠ ਇਥੇ ਸਭਾ ਦੇ ਉਦੇਸ਼ਾਂ, ਐਲਾਨਨਾਮੇ ਅਤੇ ਮੌਜੂਦਾ ਚੁਣੌਤੀਆਂ ’ਤੇ ਜਮਹੂਰੀ ਕਾਰਕੁਨਾਂ ਲਈ ਇੱਕ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਸੂਬਾ ਡੇਲੀਗੇਟ ਮਰਹੂਮ ਕਰਮ ਸਿੰਘ ਸੱਤ ਛਾਜਲੀ ਨੂੰ ਸਮਰਪਿਤ ਕੀਤੀ ਗਈ। ਸੂਬਾ ਆਗੂ ਸਵਰਨਜੀਤ ਸਿੰਘ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦਿਆਂ ਅਜੋਕੇ ਸਮੇਂ ਵਿਚ ਵਰਕਸ਼ਾਪ ਦੀ ਲੋੜ ਅਤੇ ਹਰ ਖੇਤਰ ਵਿਚ ਹਕੂਮਤ ਦੀ ਸ਼ਹਿ ’ਤੇ ਪੁਲੀਸ ਜਬਰ ’ਤੇ ਚਾਨਣਾ ਪਾਇਆ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਸੂਬਾ ਆਗੂ ਬੂਟਾ ਸਿੰਘ ਮਹਿਮਦਪੁਰ, ਸਵਰਨਜੀਤ ਸਿੰਘ, ਡਾਕਟਰ ਕਿਰਨਪਾਲ ਕੌਰ, ਵਿਸਾਖਾ ਸਿੰਘ, ਬਸੇਸਰ ਰਾਮ ਸ਼ਾਮਲ ਸਨ। ਸੂਬਾ ਪ੍ਰਧਾਨ ਜਗਮੋਹਨ ਸਿੰਘ ਤੇ ਬੂਟਾ ਸਿੰਘ ਵਲੋਂ ਲੋਕਾਂ ਦੀ ਹਰ ਮੰਚ ਤੋਂ ਜ਼ੁਬਾਨ ਬੰਦੀ ਕਰਨ, ਬੁੱਧੀਜੀਵੀਆਂ ਨੂੰ ਜੇਲ੍ਹਾਂ ’ਚ ਡੱਕਣ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ’ਤੇ ਜਬਰ ਕਰਨ ਆਦਿ ਬਾਰੇ ਚਰਚਾ ਕੀਤੀ ਗਈ। ਵਰਕਸ਼ਾਪ ਵਿੱਚ ਪਾਸ ਕੀਤੇ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ ਝੂਠੇ ਪੁਲੀਸ ਮੁਕਾਬਲਿਆਂ ਅਤੇ ਬੁਲਡੋਜ਼ਰਾਂ ਰਾਹੀਂ ਪੰਜਾਬ ਨੂੰ ਪੁਲੀਸ ਰਾਜ ਵਿੱਚ ਬਦਲਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਮੈਂਬਰ ਕਰਮ ਦਿਉਲ ਦੀ ਸਵੈ-ਜੀਵਨੀ ਲੋਕ ਅਰਪਣ ਕੀਤੀ ਗਈ।