ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਮਈ ਦਿਵਸ ਮਨਾਇਆ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 1 ਮਈ
ਗੜ੍ਹਸ਼ੰਕਰ ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਈ ਦਿਵਸ ਮੱਖਣ ਸਿੰਘ ਵਾਹਿਦਪੁਰੀ, ਕੁਲਭੂਸ਼ਨ ਕੁਮਾਰ, ਲੈਕਚਰਾਰ ਸਰੂਪ ਚੰਦ, ਅਮਰੀਕ ਸਿੰਘ, ਸ਼ਰਮੀਲਾ ਰਾਣੀ ਤੇ ਸ਼ਾਮ ਸੁੰਦਰ ਕਪੂਰ ਦੀ ਅਗਵਾਈ ਵਿੱਚ ਦਰਸ਼ਨ ਸਿੰਘ ਕੈਨੇਡੀਅਨ ਹਾਲ ਵਿੱਚ ਮਨਾਇਆ ਗਿਆ। ਲਾਲ ਝੰਡਾ ਝਲਾਉਣ ਦੀ ਰਸਮ ਬਜ਼ੁਰਗ ਆਗੂ ਰਵੀ ਕੁਮਾਰ ਭੱਟ ਨੇ ਅਦਾ ਕੀਤੀ। ਬੁਲਾਰਿਆਂ ਨੇ ਮਈ ਦਿਵਸ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਬੁਲਾਰਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਜੋ ਸਹੂਲਤਾਂ ਮਜ਼ਦੂਰ ਜਮਾਤ ਨੂੰ ਮਿਲੀਆਂ ਸਨ, ਅੱਜ ਸਰਮਾਏਦਾਰੀ ਸਿਸਟਮ ਫਿਰ ਤੋਂ ਉਹ ਸਹੂਲਤਾਂ ਖੋਹ ਰਿਹਾ ਹੈ। ਕਿਰਤ ਕਾਨੂੰਨਾਂ ਨੂੰ ਰੱਦ ਕਰ ਕੇ ਮਜ਼ਦੂਰ ਵਿਰੋਧੀ ਕਾਲੇ ਕਨੂੰਨ ਲਾਗੂ ਕੀਤੇ ਜਾ ਰਹੇ ਹਨ। ਪ੍ਰਾਈਵੇਟ ਸੈਕਟਰ ਵਿਚ ਨਿਗੂਣੀਆਂ ਤਨਖਾਹਾਂ ਬਦਲੇ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ 15- 15 ਘੰਟੇ ਕੰਮ ਲਿਆ ਜਾ ਰਿਹਾ ਹੈ। ਸਰਕਾਰਾਂ ਵੱਲੋਂ ਪਬਲਿਕ ਸੈਕਟਰ ਨੂੰ ਖਤਮ ਕਰਕੇ ਪ੍ਰਾਈਵੇਟ ਸੈਕਟਰ ਨੂੰ ਵਧਾਇਆ ਜਾ ਰਿਹਾ ਹੈ ਅਤੇ ਪ੍ਰਾਈਵੇਟ ਸੈਕਟਰ ਨੂੰ ਮਜ਼ਦੂਰ ਵਰਗ ਦੀ ਲੁੱਟ ਕਰਨ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ। ਮਜ਼ਦੂਰਾਂ ਵਰਗ ਆਪਣੇ ਹੱਕਾਂ ਦੀ ਰਾਖੀ ਸਿਰਫ ਆਪਣੀ ਜਥੇਬੰਦਕ ਏਕਤਾ ਨਾਲ ਹੀ ਕਰ ਸਕਦਾ ਹੈ।