ਜਗਰਾਉਂ: ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੌਂਸਲ ਪ੍ਰਧਾਨ ਨੂੰ ਨੋਟਿਸ
ਜਗਰਾਉਂ, 13 ਮਾਰਚ
ਨਗਰ ਕੌਂਸਲ ਦੀ ਪ੍ਰਧਾਨਗੀ ਦਾ ਵਿਵਾਦ ਮੁੜ ਭਖ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਹਟਾਉਣ ਸਬੰਧੀ ਨੋਟਿਸ ਜਾਰੀ ਕਰ ਕੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ 21 ਦਿਨ ਦਾ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਉਨ੍ਹਾਂ ’ਤੇ ਦੋਸ਼ ਲਗਾਏ ਹਨ ਕਿ ਨਗਰ ਕੌਂਸਲ ਦੇ ਪ੍ਰਧਾਨ ਹੁੰਦਿਆਂ ਉਨ੍ਹਾਂ ਆਪਣਾ ਫਰਜ਼ ਨਹੀਂ ਨਿਭਾਇਆ ਤੇ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।
ਇਸ ਸਬੰਧੀ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਸ਼ਾਖਾ-3 ਵੱਲੋਂ ਵਧੀਕ ਸਕੱਤਰ ਤੇਜਵੀਰ ਸਿੰਘ ਨੇ ਪੱਤਰ ਜਾਰੀ ਕਰ ਕੇ ਪ੍ਰਧਾਨ ਨੂੰ 21 ਦਿਨਾਂ ਵਿੱਚ ਰਿਕਾਰਡ ਦੀ ਜਾਂਚ ਕਰਕੇ ਵਿਭਾਗ ਨੂੰ ਲਿਖਤੀ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਦੌਰਾਨ ਜੇਕਰ ਜਤਿੰਦਰਪਾਲ ਰਾਣਾ ਕੋਈ ਜਵਾਬ ਨਹੀਂ ਦਿੰਦੇ ਤਾਂ ਇੱਕਤਰਫ਼ਾ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪ੍ਰਧਾਨਗੀ ਪਦ ਤੋਂ ਲਾਂਭੇ ਕਰ ਦਿੱਤਾ ਜਾਵੇਗਾ। ਜਾਰੀ ਪੱਤਰ ਰਾਹੀਂ ਵਿਭਾਗ ਨੇ ਪ੍ਰਧਾਨ ਉੱਪਰ ਆਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਨਗਰ ਕੌਂਸਲ ਦੀ ਕੀਮਤੀ ਜਾਇਦਾਦ ’ਤੇ ਕਬਜ਼ੇ ਕਰਵਾਏ ਹਨ। ਪ੍ਰਧਾਨ ਖ਼ਿਲਾਫ਼ ਚਰਨਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਹੈ, ਜਦਕਿ ਬਿਲਡਿੰਗ ਨਿਰੀਖਕ ਅਧਿਕਾਰੀ ਸ਼ਿਖਾ ਨੇ ਬਿਆਨ ਦਰਜ ਕਰਵਾਏ ਹਨ ਕਿ ਪੁਰਾਣੀ ਦਾਣਾ ਮੰਡੀ ਵਿੱਚ ਹੋਈ ਨਾਜਾਇਜ਼ ਉਸਾਰੀ ਵਿੱਚ ਵੀ ਪ੍ਰਧਾਨ ਦਾ ਅਹਿਮ ਰੋਲ ਹੈ।
ਮੇਰੇ ’ਤੇ ਲਾਏ ਦੋਸ਼ ਸੱਚ ਤੋਂ ਕੋਹਾਂ ਦੂਰ: ਪ੍ਰਧਾਨ
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਰੀ ਪੱਤਰ ਸਬੰਧੀ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਦੋਸ਼ ਸੱਚ ਤੋਂ ਕੋਹਾਂ ਦੂਰ ਹਨ ਤੇ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਝੂਠ ਸਿਰਜ ਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਅਹੁਦਾ ਬਹਾਲ ਕੀਤਾ ਸੀ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਦੇ ਮੌਜੂਦਾ ਹਾਲਾਤਾਂ ਬਾਰੇ ਉਹ ਪਹਿਲਾਂ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਜਾਣੂ ਕਰਵਾ ਚੁੱਕੇ ਹਨ।