ਚਾਉਕੇ ਸਕੂਲ ਮਾਮਲਾ: ਮੈਨੇਜਮੈਂਟ ਕਮੇਟੀ ਵੱਲੋਂ ਪ੍ਰਬੰਧ ਛੱਡਣ ਦਾ ਐਲਾਨ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਪਰੈਲ
ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ਕਮੇਟੀ ਨੇ ਹੁਣ ਸਕੂਲ ਦੇ ਪ੍ਰਬੰਧ ਛੱਡਣ ਦਾ ਐਲਾਨ ਕਰਦਿਆਂ ਪੈਰ ਪਿੱਛੇ ਖਿੱਚ ਲਏ ਹਨ। ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਡੀਜੀਐੱਸਈ-ਕਮ- ਮੈਂਬਰ ਸਕੱਤਰ ਪੰਜਾਬ ਸਿੱਖਿਆ ਵਿਕਾਸ ਬੋਰਡ, ਮੁਹਾਲੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਜਾਣੂ ਕਰਵਾ ਦਿੱਤਾ ਹੈ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ (ਬਠਿੰਡਾ) ਨੂੰ ਸ੍ਰੀ ਰਾਧੇ-ਕ੍ਰਿਸ਼ਨ ਸੇਵਾ ਸਮਿਤੀ ਮਾਨਸਾ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਸਮਿਤੀ ਦੇ ਚੇਅਰਮੈਨ ਗੁਰਮੇਲ ਸਿੰਘ ਠੇਕੇਦਾਰ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਕੂਲ ਵਿੱਚ ਕੁਝ ਅਧਿਆਪਕਾਂ ਅਤੇ ਪ੍ਰਬੰਧਕ ਕਮੇਟੀ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਉਨ੍ਹਾਂ ਨੇ ਸਕੂਲ ਦਾ ਪ੍ਰਬੰਧ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਨੇਜਮੈਂਟ ਕਮੇਟੀ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਕਿਸੇ ਜਨਤਕ ਜਥੇਬੰਦੀ ਨਾਲ ਕੋਈ ਟਕਰਾਅ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਵੱਡੀ ਗਿਣਤੀ ’ਚ ਆਮ ਘਰਾਂ ਦੇ ਬੱਚੇ ਸੀਬੀਐੱਸਈ ਸਿਲੇਬਸ ਰਾਹੀਂ ਸਿੱਖਿਆ ਲੈ ਰਹੇ ਹਨ ਅਤੇ ਉਨ੍ਹਾਂ ਨਵੀਂ ਕਮੇਟੀ ਵਜੋਂ ਪਹਿਲੀ ਜਨਵਰੀ 2025 ਤੋਂ ਹੀ ਚਾਰਜ ਸੰਭਾਲਿਆ ਹੈ ਅਤੇ ਇਸ ਨਵੇਂ ਸੈਸ਼ਨ (ਪਹਿਲੀ ਅਪਰੈਲ) ਤੋਂ ਬੱਚਿਆਂ ਨੂੰ ਕਿਤਾਬਾਂ-ਕਾਪੀਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਪੱਤਰ ’ਚ ਲਿਖਿਆ ਕਿ ਆਦਰਸ਼ ਸਕੂਲ ਚਾਉਕੇ ਦੇ ਅਯੋਗ ਅਤੇ ਟਰਮੀਨੇਟ ਕੀਤੇ ਸਟਾਫ ਵੱਲੋਂ ਜਥੇਬੰਦੀਆਂ ਨੂੰ ਹਨੇਰੇ ’ਚ ਰੱਖ ਕੇ ਮੈਨੇਜਮੈਂਟ ਖ਼ਿਲਾਫ਼ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦਾ ਬੱਚਿਆਂ ਦੀ ਪੜ੍ਹਾਈ ’ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਸੰਸਥਾ ਨੂੰ ਚਲਾਉਣ ਵਿੱਚ ਵੱਡੀ ਮੁਸ਼ਕਿਲ ਆ ਰਹੀ ਹੈ ਅਤੇ ਇਕਰਾਰਨਾਮੇ ਦੀਆਂ ਸ਼ਰਤਾਂ ਅਨੁਸਾਰ ਸਕੂਲ ਛੱਡਣ ਦਾ ਨੋਟਿਸ ਭੇਜਿਆ ਜਾ ਰਿਹਾ ਹੈ। ਉਧਰ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਰਾਜਵਿੰਦਰ ਸਿੰਘ ਰਾਣਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਖੇਤ-ਮਜ਼ਦੂਰ ਸਭਾ ਦੇ ਆਗੂ ਕ੍ਰਿਸ਼ਨ ਚੌਹਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ, ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਬਲਵਿੰਦਰ ਕੌਰ, ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਡਾ. ਸਿਕੰਦਰ ਸਿੰਘ ਘਰਾਂਗਣਾ, ਸਾਬਕਾ ਸੈਨਿਕ ਐਸੋਸੀਏਸ਼ਨ ਵੱਲੋਂ ਦਰਸ਼ਨ ਸਿੰਘ ਨੇ ਕਿਹਾ ਕਿ ਸਕੂਲ ਅਧਿਆਪਕਾਂ ਦੇ ਹੱਕ ਵਿੱਚ ਸਾਂਝੇ ਸੰਘਰਸ਼ ਸਦਕਾ ਹੀ ਜਥੇਬੰਦੀਆਂ ਦੀ ਜਿੱਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸਕੂਲ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ।