ਘੋੜਸਵਾਰੀ ਮੁਕਾਬਲੇ: ਪੁਲੀਸ ਜਵਾਨਾਂ ਨੇ ਦਿਖਾਏ ਕਰਤੱਬ
ਪੀਪੀ ਵਰਮਾ
ਪੰਚਕੂਲਾ, 16 ਮਾਰਚ
ਪੰਚਕੂਲਾ ਸਥਿਤ ਆਈਟੀਬੀਪੀ ਦੇ ਬੇਸਿਕ ਟਰੇਨਿੰਗ ਸੈਂਟਰ ਭਾਨੂ ਵਿੱਚ 43ਵੇਂ ਅਖਿਲ ਭਾਰਤੀ ਪੁਲੀਸ ਘੋੜਸਵਾਰੀ ਮੁਕਾਬਲੇ 2025 ਸ਼ੁਰੂ ਹੋਏ।
ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਘੋੜ ਸਵਾਰੀ ਮੁਕਾਬਲੇ ਜਵਾਨਾਂ ਦਾ ਹੌਸਲਾ ਬੁਲੰਦ ਕਰਦੇ ਹਨ ਅਤੇ ਇਸ ਰਾਹੀਂ ਘੋੜਸਵਾਰ ਪੁਲੀਸ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਸਕਦੀ ਹੈ। ਆਈਟੀਬੀਪੀ ਦੇ ਉੱਚ ਅਧਿਕਾਰੀ ਅਸ਼ੋਕ ਨੇਗੀ ਨੇ ਕਿਹਾ ਕਿ 19 ਰਾਜਾਂ ਦੇ ਘੋੜਸਵਾਰ ਪੁਲੀਸ ਜਵਾਨ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ ਅਤੇ ਇਸ ਦੇ ਨਾਲ ਹੀ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀਆਂ ਟੀਮਾਂ ਵੀ ਕਰਤੱਬ ਦਿਖਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਇਸ ਮੁਕਾਬਲਿਆਂ ਵਿੱਚ ਹਥਿਆਰਬੰਦ ਪੁਲੀਸ ਬਲਾਂ ਦੀਆਂ ਟੀਮਾਂ ਦੇ ਨਾਲ 588 ਪੁਰਸ਼ ਅਤੇ ਮਹਿਲਾ ਰਾਈਡਰ ਵੀ ਸ਼ਾਮਲ ਹਨ। ਇਸ ਮੌਕੇ ਬ੍ਰਿਗੇਡੀਅਰ ਜੀਐੱਸ ਗਿੱਲ ਅਤੇ ਆਈਟੀਬੀਪੀ ਮਹਾਂ ਨਿਰਦੇਸ਼ਕ ਜੀਐੱਸ ਨੇਗੀ ਨੇ ਕਿਹਾ ਅਖਿਲ ਭਾਰਤੀ ਪੁਲੀਸ ਖੇਡ ਕੰਟਰੋਲ ਬੋਰਡ ਵੱਲੋਂ ਇਹ ਸਮਾਗਮ ਕਰਵਾਇਆ ਗਿਆ। ਆਈਟੀਬੀਪੀ ਬੇਸਿਕ ਟ੍ਰੇਨਿੰਗ ਸੈਂਟਰ, ਪੰਚਕੂਲਾ (ਭਾਨੂ) ਇਸ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ।